ਵਹੀ ਕਾਤਿਲ, ਵਹੀ ਮੁਖਬਿਰ, ਵਹੀ ਮੁਨਸਿਫ ਠਹਰੇ

ਵਹੀ ਕਾਤਿਲ, ਵਹੀ ਮੁਖਬਿਰ, ਵਹੀ ਮੁਨਸਿਫ ਠਹਰੇ
  • ਸੁਖਪਾਲ ਸਿੰਘ ਗਿੱਲ, ਅਬਿਆਣਾ ਕਲਾਂ
  • ਮੋ: 98781-11445

ਸ਼ੁਕਰ ਹੈ ਕਿ ਕਰੋਨਾ ਚੀਨ ਵਿੱਚ ਪੈਦਾ ਹੋਕੇ ਟੈਲੀਸਕੋਪ ਰਾਹੀ ਵਿਗਿਆਨਿਕ ਲੀਹਾਂ ਤੇ ਆ ਗਿਆ ਸੀ ਜੇ ਕਿਤੇ ਕਰੋਨਾ ਸਾਡੇ ਦੇਸ਼ ਵਿੱਚ ਪੈਦਾ ਹੋ ਜਾਂਦਾ ਤਾਂ ਇਸ ਨੂੰ ਚੇਚਕ ਵਾਂਗ ਮਾਤਾ ਬਣਾਕੇ ਧੂਣੇ-ਧੂਣੀਆਂ ਲੱਗ ਜਾਣੀਆਂ ਸਨ। ਕਰੋਨਾ ਦੇਵਤਾ ਬਣਨ ਤੋਂ ਇਸੇ ਕਰਕੇ ਖੁੰਝ ਗਿਆ ਸੀ। ਹੁਣ ਸ਼ਾਇਦ ਕਰੋਨਾ ਨੇ ਇਹੀ ਸਰਾਪ ਦਿੱਤਾ ਕਿ ਇਸ ਦੀ ਵੈਕਸੀਨ ਦੇ ਮਨੁੱਖੀ ਸਿਹਤ ਨੂੰ ਦੁਰਪ੍ਰਭਾਵ ਸਾਹਮਣੇ ਆਏ। ਸੰਸਾਰ ਸਿਹਤ ਸੰਸਥਾ ਨੇ 1948 ਵਿੱਚ ਸਿਹਤ ਦੀ ਪ੍ਰੀਭਾਸ਼ਾ ਦਿੱਤੀ ਸੀ ਕਿ “ਸਰੀਰਿਕ ਮਾਨਸਿਕ ਅਤੇ ਸਮਾਜਿਕ ਪੱਖੋਂ ਪੂਰੀ ਤਰ੍ਹਾਂ ਤੰਦਰੁਸਤ ਅਤੇ ਸਰੀਰਿਕ ਸਮੱਸਿਆ ਤੋਂ ਮੁਕਤ ਹੋਵੇ”। ਕਰੋਨਾ ਦੀ ਚੰਗਿਆੜੀ ਨੇ ਇਹ ਪ੍ਰੀਭਾਸ਼ਾ ਬਦਲ ਦਿੱਤੀ ਜਿਸ ਦੇ ਪਰਛਾਵੇਂ ਅੱਜ ਫਿਰ ਪੀੜਦਾਇਕ ਬਣਨ ਲੱਗ ਪਏ ਹਨ। ਸਮਾਜ, ਸਿੱਖਿਆ, ਸੱਭਿਅਤਾ ਅਤੇ ਧਰਮ ਨੂੰ ਨੈਤਿਕ, ਨਾ-ਇਨਸਾਫੀ, ਮਨੁੱਖਤਾ ਦੀ ਸਲਾਮਤੀ ਅਤੇ ਮਾੜੇ-ਚੰਗੇ ਕਰਮ ਦਾ ਨਬੇੜਾ ਕਰਨ ਲਈ ਮਦਦਗਾਰ ਸਮਝਿਆ ਜਾਂਦਾ ਸੀ। ਇਹਨਾਂ ਸਿਧਾਂਤਾ ਤੋਂ ਗਿਆਨ ਪ੍ਰਾਪਤ ਕਰਨ ਵਾਲੇ ਅੱਗ ਲੱਗ ਕੇ ਗਿਆਨ ਪ੍ਰਾਪਤੀ ਨਾਲ ਹੀ ਮਨੁੱਖ, ਮਨੁੱਖ ਦੀ ਲੁੱਟ ਕਰ ਰਿਹਾ ਹੈ। ਮਨੁੱਖੀ ਜਿੰਦਗੀ ਨਾਲ ਖਿਲਵਾੜ ਕਰਨ ਵਾਲੇ ਮਾਫੀਏ ਨਾਲ-ਨਾਲ ਚੱਲ ਰਹੇ ਹਨ। ਬਦਕਿਸਮਤੀ ਇਹ ਹੁੰਦੀ ਹੈ ਕਿ ਵੇਲਾ ਬੀਤਣ ਤੋਂ ਬਾਅਦ ਇਹਨਾਂ ਦਾ ਪਤਾ ਚੱਲਦਾ ਹੈ। ਇੰਨੇ ਚਿਰ ਨੂੰ ਲੋਕਾਂ ਦੀ ਲੁੱਟ, ਕੁੱਟ, ਪੁੱਟ ਹੋ ਜਾਂਦੀ ਹੈ। ਸੰਸਾਰ ਪੱਧਰ ਤੇ ਸਿਹਤ ਨਾਲ ਜੁੜੇ ਮਸਲੇ ਪਰਦੇ ਪਿੱਛੇ ਰਹਿੰਦੇ ਹਨ। ਇਸ ਦਾ ਕਾਰਨ ਲੋਕਾਂ ਨੂੰ ਇਸ ਵਿਸ਼ੇ ਦੀ ਘੱਟ ਜਾਣਕਾਰੀ ਹੁੰਦੀ ਹੈ। ਬੀਤਿਆ ਸਮਾਂ ਨਸੀਹਤ ਦੇ ਸਕਦਾ ਹੈ ਪਰ ਮਨੁੱਖੀ ਸਿਹਤ ਦੇ ਨੁਕਸਾਨ ਦੀ ਪੂਰਤੀ ਨਹੀਂ ਕਰ ਸਕਦਾ। ਹੁਣ ਸ਼ੱਕ ਹੁੰਦਾ ਹੈ ਕਿ ਗਲਤੀ ਨੂੰ ਲੁਕਾਉਣ ਨਾਲ ਇਸ ਵੈਕਸੀਨ ਦੇ ਦੁਰਪ੍ਰਭਾਵ ਕਾਰਨ ਇਹ ਜੁਰਮ ਬਣ ਗਿਆ ਹੈ। ਦੁਨੀਆਂ ਦੇ ਕਰੋੜਾਂ ਲੋਕ ਕਰੋਨਾ ਤੋਂ ਪ੍ਰਭਾਵਿਤ ਹੋਏ ਅਤੇ ਲੱਖਾਂ ਮਰੇ ਵੀ ਸਨ। 40 ਲੱਖ ਲੋਕਾਂ ਦੀ ਸਿਹਤ ਦਾ ਡਾਟਾ ਇੱਕਤਰ ਕਰਕੇ ਵਿਗਿਆਨੀਆਂ ਨੇ ਕੋਵਿਡ ਦੀਆਂ 6 ਕਿਸਮਾਂ ਮੰਨੀਆਂ ਸਨ। ਇਸ ਕਰਕੇ ਮਨੁੱਖ ਆਪਣੇ ਆਪ ਵਿੱਚ ਗੁਆਚ ਕੇ ਟੱਕਰਾਂ ਮਾਰਨ ਲਈ ਮਾਨਸਿਕ ਪੀੜ ਹੰਢਾਉਣ ਲਈ ਮਜਬੂਰ ਹੋਇਆ। ਕਰੋਨਾ ਦੀ ਵੈਕਸੀਨ ਬਾਰੇ ਸੱਚ-ਝੂਠ ਚੱਲਦਾ ਰਿਹਾ ਹੁਣ ਝੂਠ ਸੱਚ ਵਿੱਚ ਅਤੇ ਸੱਚ ਝੂਠ ਵਿੱਚ ਬਦਲਣ ਦੇ ਸੰਕੇਤ ਮਿਲਦੇ ਹਨ। ਆਲਮੀ ਬਹਿਸ ਛਿੜ ਗਏ ਹੈ। ਅਜੇ ਸਾਲ ਕੁ ਪਹਿਲਾ ਹੀ ਸੰਸਾਰ ਸਿਹਤ ਸੰਸਥਾਂ ਨੇ ਇਸ ਨੂੰ ਖਤਰਨਾਕ ਬੀਮਾਰੀ ਤੋਂ ਆਮ ਬੀਮਾਰੀ ਦੇ ਖਾਤੇ ਵਿੱਚ ਪਾਇਆ ਸੀ। ਉਸ ਸਮੇਂ ਮੈਡੀਕਲ ਸਿੱਖਿਆ ਖੇਤਰ ਨੂੰ ਜੱਦੋ-ਜਹਿਦ ਅਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਇਕ ਵਾਰ ਤਾਂ ਕਰੋਨਾ ਨੂੰ ਹੀ ਜੈਵਿਕ ਹੱਥਿਆਰ ਸਮਝਿਆ ਜਾਣ ਲੱਗ ਪਿਆ ਸੀ।

ਮਨੁੱਖੀ ਜਿੰਦਗੀ ਇੰਨੀ ਸਸਤੀ ਨਹੀਂ ਹੈ ਕਿ ਅਣਗਹਿਲੀ ਅਤੇ ਘੱਟ ਗਿਆਨ ਵਾਲੇ ਲੋਕਾਂ ਕਰਕੇ ਖਤਮ ਕਰ ਦਿੱਤੀ ਜਾਵੇ। ਹਮੇਸ਼ਾ ਜਿੰਦਗੀ ਜਿਊਂਣ ਲਈ ਵਿਸ਼ਵਾਸ ਪੈਦਾ ਕਰਨਾ ਪੈਦਾ ਹੈ। ਕਰੋਨਾ ਦੀ ਵੈਕਸੀਨ ਬਾਰੇ ਵਿਗਿਆਨੀਆਂ ਨੇ ਮਿਹਨਤ ਕੀਤੀ ਇਸ ਨਾਲ ਵਿਸ਼ਵਾਸ ਪੈਦਾ ਹੋਇਆ। ਹੁਣ ਇੱਕਦਮ ਇਹ ਵਿਸ਼ਵਾਸ ਅਵਿਸ਼ਵਾਸ ਵਿੱਚ ਬਦਲ ਗਿਆ ਹੈ। ਸਾਰੀਆਂ ਆਸ਼ਾਵਾਂ ਦਾ ਅੰਤ ਹੋ ਗਿਆ। ਸੱਤਾਧਾਰੀ ਲੋਕ ਵੀ ਜਨਤਾ ਲਈ ਤਜਰਬੇ ਕਰਦੇ ਰਹਿੰਦੇ ਹਨ ਇਹਨਾਂ ਦੇ ਸਹੀ ਪ੍ਰਭਾਵ ਸਵੀਕਾਰਨਯੋਗ ਹੁੰਦੇ ਹਨ। ਜਮਹੂਰੀਅਤ ਵਿੱਚ ਲੋਕ ਮਾੜੇ ਪ੍ਰਭਾਵਾਂ ਨੂੰ ਬਿਲਕੁੱਲ ਬਰਦਾਸ਼ਤ ਨਹੀਂ ਕਰਦੇ। ਗੈਰ ਜਿੰਮੇਵਾਰਾਨਾ ਪ੍ਰਚਾਰ ਘਾਤਕ ਹੁੰਦਾ ਹੈ। ਇਸੇ ਵਿਸ਼ੇ ਤੇ ਵੀ ਅਜਿਹਾ ਹੀ ਹੋਇਆ। ਕੇਂਦਰੀ ਭਾਰਤੀ ਸਰਕਾਰ ਅਤੇ ਸੂਬਾਈ ਸਰਕਾਰ ਨੇ ਸਿਰ ਤੋੜ ਯਤਨ ਕਰਕੇ ਕਰੋਨਾ ਨੂੰ ਹਰਾਇਆ। ਸਭ ਤੋਂ ਵੱਡੀ ਖਾਮੀ ਇਹ ਰਹੀ ਕੇ ਦੂਰਰਸ਼ੀ ਪ੍ਰਭਾਵ ਅੱਖੋਂ ਪਰੋਖੇ ਕੀਤੇ ਗਏ। ਪਰ ਹੁਣ ਨਵੀਆਂ ਉਠੀਆਂ ਅਫਵਾਹਾਂ ਅਤੇ ਸਚਾਈਆਂ ਨੇ ਪੋਚਾ ਫੇਰਕੇ “ਇਲਮੋਂ ਬਸ ਕਰੀਂ ਓ ਯਾਰ” ਦਾ ਰਾਗ ਸ਼ੁਰੂ ਕਰ ਦਿੱਤਾ ਹੈ। ਰਾਸ਼ਟਰ ਦੇ ਹਿੱਤ ਵਿੱਚ ਜਨਤਾ ਦੇ ਹਿੱਤ ਛੁੱਪੇ ਹੁੰਦੇ ਹਨ। ਸਾਡੇ ਦੇਸ਼ ਦੀ ਸੰਸਕ੍ਰਿਤੀ ਲੋਕ ਭਲਾਈ ਹੈ ਇਸ ਲਈ ਜਨਤਾ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ।

ਗਲੋਬਲ ਫਾਰਮਾਸਿਉਟੀਕਲ ਕੰਪਨੀ ਐਸਟਰਾ ਜੈਨਿਕ ਨੇ ਅਦਾਲਤ ਵਿੱਚ ਮੰਨਿਆ ਹੈ ਕਿ ਕੋਵਿਡ ਮਹਾਂਮਾਰੀ ਨੂੰ ਰੋਕਣ ਲਈ ਕਰੋਨਾ ਵੈਕਸੀਨ ਦੇ ਨਾਂਹ ਪੱਖੀ ਪ੍ਰਭਾਵ ਵੀ ਪਏ ਹਨ। ਖੂਨ ਦੇ ਧੱਬੇ ਜੰਮਣ ਦੀ ਪੁਸ਼ਟੀ ਹੋ ਗਈ ਹਨ। ਸਾਡੇ ਆਪਣੇ ਭਾਰਤ ਦੇਸ਼ ਵਿੱਚ 174 ਕਰੋੜ ਖੁਰਾਕਾਂ ਦਿੱਤੀਆਂ ਗਈਆਂ ਇਹਨਾਂ ਦੇ ਦੁਰਪ੍ਰਭਾਵਾਂ ਬਾਰੇ ਵੀ ਸਾਡੀ ਸਰਕਾਰ ਨੂੰ ਕਮੇਟੀ ਬਣਾਕੇ ਪੱਖ ਪਰਚੋਲ ਕਰਕੇ ਅੱਗੇ ਲਈ ਹੁਸ਼ਿਆਰ ਹੋਣ ਦੀ ਲੋੜ ਹੈ। ਰੈਸਡੇਸੇਵੀਅਰ ਨੇ ਦੁਨੀਆਂ ਭਰ ਦੇ ਹਸਪਤਾਲਾਂ ਵਿੱਚ ਕਲੀਨਿਕਲ ਟਰਾਇਲ ਕਰਕੇ 11 ਦਿਨ ਪੜਚੋਲ ਕਰਕੇ ਅਧਿਕਾਰੀਆਂ ਨੇ ਵਧੀਆ ਦਵਾਈ ਕਹੀ ਸੀ ਪਰ ਇਲਾਜ ਸਟੀਕ ਨਹੀਂ ਕਿਹਾ ਸੀ। ਪੰਜਾਬ ਵਿੱਚ 30 ਜੂਨ 2020 ਤੱਕ 111375 ਕਰੋੜ ਕਰੋਨਾ ਦੇ ਕੇਸ ਆਏ ਜਿਹਨਾਂ ਵਿੱਚੋਂ 90345 ਠੀਕ ਹੋਏ ਅਤੇ 3284 ਮੌਤ ਦੀ ਭੇਟ ਚੜੇ। ਹੁਣ ਕਰੋਨਾ ਦੀ ਵੈਕਸੀਨ ਆਸਟਰਾਜੈਨਿਕਾ ਨੇ ਵਾਪਸ ਲੈ ਲਈ ਹੈ ਇਸ ਦੇ 3 ਖਰਬ ਟੀਕੇ ਲੱਗ ਚੁੱਕੇ ਹਨ। ਕੰਪਨੀ ਇਹੀ ਵੀ ਕਹਿੰਦੀ ਹੈ ਇਕ ਪਹਿਲੇ ਸਾਲ ਇਸ ਨੇ 65 ਲੱਖ ਜਾਨਾਂ ਬਚਾਈਆਂ। ਹੁਣ ਇਹ ਸਮੇਂ ਦੀ ਹਾਣੀ ਨਹੀਂ ਹੈ ਇਸ ਲਈ ਇਸ ਨੂੰ ਵਾਪਿਸ ਲੈਣ ਦਾ ਫੈਸਲਾ ਵਪਾਰਕ ਹੈ।

ਸਰਕਾਰਾਂ ਨੇ ਇਸ ਦੀ ਖੋਜ ਕਰਨ ਵਿੱਚ ਕਾਹਲ ਜਰੂਰ ਦਿਖਾਈ ਪਰ ਦੂਜੇ ਪਾਸੇ ਲੋਕਾਂ ਦੀ ਹਾਹਾਕਾਰ ਨੂੰ ਮਿਟਾਉਂਣ ਲਈ ਜਰੂਰੀ ਵੀ ਸੀ। ਇਸ ਦਾ ਆਧਾਰ ਮੈਡੀਕਲ ਖੇਤਰ ਸੀ ਇਸ ਲਈ ਲੋਕਾਂ ਦੇ ਹਿੱਤਾਂ ਤੋਂ ਪਹਿਲਾਂ ਵਪਾਰਕ ਹਿੱਤ ਵੀ ਦੇਖੇ ਗਏ। ਭਾਰਤ ਦੇ ਸੀਰਮ ਇੰਸਚੀਊਟ ਆਫ ਇੰਡੀਆ ਨੇ ਐਸਟਰਾਜੈਨਿਕ ਨਾਲ 1 ਖਰਬ ਕੋਵਿਡ ਵੈਕਸੀਨ ਬਣਾਉਣ ਦਾ ਕਰਾਰ ਕੀਤਾ ਸੀ। ਜਦੋਂ ਕੋਈ ਦਵਾਈ ਬਣਦੀ ਹੈ ਤਾਂ ਵੱਖ-ਵੱਖ ਪੜਾਵਾਂ ਵਿੱਚੋਂ ਹੋ ਕੇ ਜਾਂਦੀ ਹੈ ਫਿਰ ਜੇ ਇਸ ਦੇ ਹੁਣ ਦੁਰ ਪ੍ਰਭਾਵ ਪਏ ਹਨ ਤਾਂ ਉਕਾਈ ਅਤੇ ਗਲਤੀ ਤਾਂ ਹੋਈ ਹੈ। ਕਾਹਲੀ ਅੱਗੇ ਟੋਏ ਪਏ ਹਨ। ਉੱਧਰ ਵਿਗਿਆਨਿਕ ਯੁੱਗ ਵਿੱਚ ਕੁਦਰਤੀ ਘਟਨਾਵਾਂ ਦਾ ਸਹੀ ਮੁਲਾਂਕਣ ਕਰਕੇ ਕਿਸੇ ਸਦਾਬਹਾਰ ਅਤੇ ਸਾਰਥਿਕ ਨਤੀਜੇ ਤੇ ਪੁੱਜਣਾ ਹੁੰਦਾ ਹੈ ਪਰ ਅਜਿਹਾ ਘੱਟ ਨਜ਼ਰੀ ਆਇਆ। ਬਜਾਰ ਵਿੱਚ ਮੈਡੀਕਲ ਖੇਤਰ ਪਹਿਲਾ ਹੀ ਆਪਣੇ ਦਿੱਖ ਨੂੰ ਸਿੱਕੇ ਦੇ ਦੋਵੇਂ ਪਾਸਿਆਂ ਵਾਂਗ ਨਹੀਂ ਰੱਖ ਸਕਿਆ। ਖੂਨ ਜੰਮਣ ਅਤੇ ਦਿਲ ਦੇ ਦੋਰਿਆਂ ਦੀਆਂ ਚਰਚਾਵਾਂ ਨੇ ਸੁੱਤੀ ਕਲਾ ਜਗ੍ਹਾਂ ਦਿੱਤੀ ਹੈ। ਵੈਕਸੀਨ ਲਗਵਾਉਣ ਵਾਲਿਆਂ ਲਈ ਮਾਨਸਿਕ ਪ੍ਰੇਸ਼ਾਨੀ ਖੜੀ ਕਰ ਦਿੱਤੀ ਹੈ। ਜਦੋਂ ਕਿ ਜਿਹਨਾਂ ਨੇ ‘ਮੋਟੀ ਬੁੱਧੀ ਵਰਦਾਨ ਬੁੱਧੀ’ ਦੇ ਸਿਧਾਂਤ ਅਨੁਸਾਰ ਟੀਕੇ ਨਹੀਂ ਲਗਵਾਏ ਉਹ ਹੁਣ ਟੀਕੇ ਲਗਵਾਉਣ ਵਾਲੀਆਂ ਨੂੰ ਟਿੱਚਰਾਂ ਕਰ ਰਹੇ ਹਨ। ਸਲਾਹਾਂ, ਦੁਆਵਾਂ, ਆਸ਼ਾਵਾਂ ਅਤੇ ਛੇ ਨੌਂ ਦੇ ਫਰਕ ਨੇ ਮੈਡੀਕਲ ਖੇਤਰ ਅਤੇ ਸਰਕਾਰੀ ਨਿਜ਼ਾਮ ਨੇ ਵੈਕਸੀਨ ਕਰਕੇ ਆਪਣੇ ਆਪ ਨੂੰ ਸੁਰਜੀਤ ਪਾਤਰ ਦੀਆਂ ਇਹਨਾਂ ਸਤਰਾਂ ਉੱਤੇ ਖੜਾ ਕਰ ਲਿਆ ਹੈ:- “ਇਸ ਵਾਰੀ ਤੂੰ ਹੀ ਸਾਬਤ ਕਰ ਕਿ ਤੂੰ ਮੇਰਾ, ਮੈਂ ਤੇਰਾ ਹਾਂ। ਹਰ ਵਾਰੀ ਸੂਲੀ ਚੜ ਜਾਂ ਮੈਨੂੰ ਇਹ ਪ੍ਰਵਾਨ ਨਹੀਂ”

ਮੈਡੀਕਲ ਖੇਤਰ ਪਵਿੱਤਰ ਅਤੇ ਰੱਬ ਰੂਪ ਹੈ। ਇਸ ਵਿੱਚ ਅਣਗਹਿਲੀ ਅਤੇ ਬੇਈਮਾਨੀ ਜ਼ੀਰੋ ਪ੍ਰਤੀਸ਼ਤ ਹੁੰਦੀ ਹੈ। ਇਸ ਨੇ ਮਨੁੱਖਤਾ ਦਾ ਅੱਜ ਅਤੇ ਕੱਲ੍ਹ ਸੁਰੱਖਿਅਤ ਕਰਨਾ ਹੁੰਦਾ ਹੈ। ਉਤਪਾਦਕ ਅਤੇ ਨਿਗਰਾਨੀ ਰੱਖਣ ਵਾਲੇ ਸਮੇਤ ਰਾਜਸ਼ੀ ਨਿਜ਼ਾਮ ਅੱਜ ਜਾਂਚ ਦੇ ਘੇਰੇ ਵਿੱਚ ਖੜ੍ਹ ਗਏ ਹਨ। ਵੈਕਸੀਨ ਦੇ ਹਾਂ ਪੱਖੀ ਅਤੇ ਚੰਗੇ ਨਤੀਜਿਆਂ ਨੇ ਆਪਣਾ ਰੁੱਖ ਬਦਲਕੇ ਹੁਣ ਨਾਂਹ ਪੱਖੀ ਅਤੇ ਤਾਜ਼ਾ ਦੁਰਪ੍ਰਭਾਵਾਂ ਦੀਆਂ ਖਬਰਾਂ ਵੱਲ ਕੇਂਦਰਿਤ ਕਰ ਦਿੱਤਾ ਹੈ। ਨਿਰਾਸ਼ਾ ਦਾ ਆਲਮ ਅਤੇ ਡਰ ਭੈਅ ਦਾ ਮਾਹੌਲ ਬਣ ਗਿਆ ਹੈ। ਇਉਂ ਲੱਗ ਰਿਹਾ ਹੈ ਕਿ ਜਾਨਾਂ ਬਚਾਉਣ ਵਾਲਿਆਂ ਤੋਂ ਹੀ ਕੁੱਝ ਗਲਤੀ ਹੋਈ ਜਿਸ ਦਾ ਹੜਕੰਪ ਮੰਚਣਾ ਸੰਭਵ ਹੈ। ਇਸ ਲਈ ਇਹ ਸਾਰੇ ਵਰਤਾਰੇ ਨੂੰ ਅੱਜ ਮਿਰਜਾ ਗਾਲਿਬ ਦੇ ਸ਼ੇਅਰ ਨਾਲ ਨਾਪਿਆ ਜਾ ਸਕਦਾ ਹੈ।

“ਵਹੀ ਕਾਤਿਲ, ਵਹੀ ਮੁਖਬਿਰ, ਵਹੀ ਮੁਨਸਿਫ ਠਹਿਰੇ,

ਅਕ੍ਰਿਬਾ ਮੇਰੇ ਕਰੇਂ, ਖੂਨ ਕਾ ਦਾਵਾ ਕਿਸ ਪਰ”

 

You must be logged in to post a comment Login