ਸਾਬਕਾ ਰਾਸ਼ਟਰਪਤੀ ਟਰੰਪ ’ਤੇ ਜਾਨਲੇਵਾ ਹਮਲਾ, ਵਾਲ ਵਾਲ ਬਚੇ

ਸਾਬਕਾ ਰਾਸ਼ਟਰਪਤੀ ਟਰੰਪ ’ਤੇ ਜਾਨਲੇਵਾ ਹਮਲਾ, ਵਾਲ ਵਾਲ ਬਚੇ

ਵਾਸ਼ਿੰਗਟਨ, 15 ਜੁਲਾਈ- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ(78) ਸ਼ਨਿੱਚਰਵਾਰ ਸ਼ਾਮ ਨੂੰ ਪੈਨਸਿਲਵੇਨੀਆ ਵਿਚ ਚੋਣ ਰੈਲੀ ਦੌਰਾਨ ਇਕ ਨੌਜਵਾਨ ਸ਼ੂਟਰ ਵੱਲੋਂ ਕੀਤੇ ਕਾਤਲਾਨਾ ਹਮਲੇ ਵਿਚ ਵਾਲ ਵਾਲ ਬਚ ਗਏ। ਇਸ ਸ਼ੂਟਰ ਨੇ ਰੈਲੀ ਨੇੜੇ ਹੀ ਇਕ ਉੱਚੀ ਥਾਵੇਂ ਬਣੇ ਸ਼ੈੱਡ ’ਚੋਂ ਟਰੰਪ ’ਤੇ ਗੋਲੀਆਂ ਚਲਾਈਆਂ, ਜਿਨ੍ਹਾਂ ਵਿਚੋਂ ਇਕ ਗੋਲੀ ਸਾਬਕਾ ਰਾਸ਼ਟਰਪਤੀ ਦੇ ਸੱਜੇ ਕੰਨ ਦੇ ਉਪਰਲੇ ਹਿੱਸੇ ਨੂੰ ਪਾੜ ਕੇ ਲੰਘ ਗਈ। ਸੀਕਰੇਟ ਸਰਵਿਸ ਦੇ ਮੈਂਬਰਾਂ ਨੇ ਹਾਲਾਂਕਿ 20 ਸਾਲਾ ਸ਼ੂਟਰ ਨੂੰ ਮਾਰ ਮੁਕਾਇਆ। ਐੱਫਬੀਆਈ ਨੇ ਹਮਲਾਵਰ ਦੀ ਪਛਾਣ ਬੈਥਲ ਪਾਰਕ ਦੇ ਥੌਮਸ ਮੈਥਿਊ ਕਰੂਕਸ ਵਜੋਂ ਦੱਸੀ ਹੈ। ਉਂਜ ਗੋਲੀਬਾਰੀ ਦੌਰਾਨ ਰੈਲੀ ਵਿਚ ਮੌਜੂਦ ਇਕ ਦਰਸ਼ਕ ਦੀ ਮੌਤ ਹੋ ਗਈ ਜਦੋਂਕਿ ਦੋ ਹੋਰ ਗੰਭੀਰ ਜ਼ਖ਼ਮੀ ਦੱਸੇ ਜਾਂਦੇ ਹਨ। ਰਾਸ਼ਟਰਪਤੀ ਜੋਅ ਬਾਇਡਨ, ਉਪ ਰਾਸ਼ਟਰਪਤੀ ਕਮਲਾ ਹੈਰਿਸ, ਸਾਬਕਾ ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ, ਬਰਾਕ ਓਬਾਮਾ ਤੇ ਜੌਰਜ ਬੁਸ਼ ਨੇ ਟਰੰਪ ’ਤੇ ਕੀਤੇ ਕਾਤਲਾਨਾ ਹਮਲੇ ਦੀ ਨਿਖੇਧੀ ਕੀਤੀ ਹੈ। ਟਰੰਪ ’ਤੇ ਹਮਲਾ ਅਜਿਹੇ ਮੌਕੇ ਹੋਇਆ ਹੈ ਜਦੋਂ ਅਗਲੇ ਦਿਨਾਂ ਵਿਚ ਉਨ੍ਹਾਂ ਨੇ ਰਾਸ਼ਟਰਪਤੀ ਚੋਣ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਸਵੀਕਾਰ ਕਰਨੀ ਹੈ। ਐੱਫਬੀਆਈ ਵੱਲੋਂ ਇਸ ਪੂਰੇ ਮਾਮਲੇ ਦੀ ਹੱਤਿਆ ਦੀ ਕੋਸ਼ਿਸ਼ ਵਜੋਂ ਜਾਂਚ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਟਰੰਪ ਪੈਨਸਿਲਵੇਨੀਆ ਦੇ ਬਟਲਰ ਕਸਬੇ ਵਿਚ ਆਪਣੇ ਵੱਡੀ ਗਿਣਤੀ ਸਮਰਥਕਾਂ ਦੀ ਮੌਜੂਦਗੀ ਵਿਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਜਦੋਂ ਉਨ੍ਹਾਂ ’ਤੇ ਗੋਲੀਆਂ ਦੀ ਬੁਛਾੜ ਸ਼ੁਰੂ ਹੋ ਗਈ। ਇਨ੍ਹਾਂ ਵਿਚੋਂ ਇਕ ਗੋਲੀ ਉਨ੍ਹਾਂ ਦੇ ਸੱਜੇ ਕੰਨ ਨੂੰ ਪਾੜ ਕੇ ਨਿਕਲ ਗਈ। ਵੀਡੀਓ ਫੁਟੇਜ ਮੁਤਾਬਕ ਜਿਵੇਂ ਹੀ ਗੋਲੀਆਂ ਚੱਲਣ ਦੀ ਆਵਾਜ਼ ਆਈ ਤਾਂ ਮੰਚ ’ਤੇ ਮੌਜੂਦ ਸੀਕਰੇਟ ਸਰਵਿਸ ਦੇ ਏਜੰਟਾਂ ਨੇ ਟਰੰਪ ਨੂੰ ਫੌਰੀ ਘੇਰ ਪਾ ਲਿਆ ਅਤੇ ਪੋਡੀਅਮ ਦੇ ਪਿੱਛੇ ਲੈ ਗਏ। ਗੋਲੀਆਂ ਚੱਲਣ ਕਰਕੇ ਲੋਕਾਂ ਵਿਚ ਘੜਮੱਸ ਪੈ ਗਿਆ ਤੇ ਉਨ੍ਹਾਂ ਉਥੋਂ ਬਾਹਰ ਵੱਲ ਨੂੰ ਭੱਜਣਾ ਸ਼ੁਰੂ ਕਰ ਦਿੱਤਾ। ਸੀਕਰੇਟ ਸਰਵਿਸ ਦੇ ਏਜੰਟ ਟਰੰਪ, ਜਿਨ੍ਹਾਂ ਦੇ ਸੱਜੇ ਕੰਨ ਵਿਚੋਂ ਖੂਨ ਵਗ ਰਿਹਾ ਸੀ, ਨੂੰ ਘੇਰਾ ਪਾ ਕੇ ਉਥੋਂ ਬਾਹਰ ਲਿਜਾਣ ਲੱਗੇ ਤਾਂ ਟਰੰਪ ਨੇ ਆਪਣੀ ਮੁੱਠੀ ਹਵਾ ਵਿਚ ਲਹਿਰਾ ਕੇ ਉਥੇ ਮੌਜੂਦ ਜਮੂਦ ਨੂੰ ਕਿਹਾ ਕਿ ਉਹ ‘ਫਾਈਟ!’ ਭਾਵ ਮੁਕਾਬਲਾ ਕਰਨ। ਸਾਬਕਾ ਰਾਸ਼ਟਰਪਤੀ ਨੂੰ ਕਾਰ ਵਿਚ ਬੈਠਾ ਕੇ ਫੌਰੀ ਪਿਟਸਬਰਗ ਇਲਾਕੇ ਵਿਚਲੇ ਹਸਪਤਾਲ ਲਿਜਾਇਆ ਗਿਆ। ਉਂਜ ਟਰੰਪ ਨੂੰ ਜਦੋਂ ਮੰਚ ਤੋਂ ਸੁਰੱਖਿਅਤ ਥਾਂ ਵੱਲ ਲਿਜਾਇਆ ਜਾ ਰਿਹਾ ਸੀ ਤਾਂ ਉਨ੍ਹਾਂ ਸੁਰੱਖਿਆ ਕਰਮੀਆਂ ਨੂੰ ਕਿਹਾ ਕਿ ‘ਮੈਨੂੰ ਮੇਰੀ ਜੁੱਤੀ ਤਾਂ ਪਾਉਣ ਦਿਓ।’

ਟਰੰਪ ਨੇ ਮਗਰੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਕ ਪੋਸਟ ਵਿਚ ਕਿਹਾ, ‘‘ਇਹ ਗੱਲ ਮੰਨਣ ਵਿਚ ਨਹੀਂ ਆਉਂਦੀ ਕਿ ਸਾਡੇ ਮੁਲਕ ਵਿਚ ਵੀ ਅਜਿਹਾ ਕੋਈ ਕਾਰਾ ਹੋ ਸਕਦਾ ਹੈ। ਇਸ ਵੇਲੇ ਗੋਲੀਆਂ ਚਲਾਉਣ ਵਾਲੇ ਸ਼ੂਟਰ, ਜੋ ਹੁਣ ਮਾਰਿਆ ਜਾ ਚੁੱਕਾ ਹੈ, ਬਾਰੇ ਕੋਈ ਜਾਣਕਾਰੀ ਨਹੀਂ ਹੈ। ਮੇਰੇ ’ਤੇ ਗੋਲੀਆਂ ਚੱਲੀਆਂ, ਜਿਨ੍ਹਾਂ ਵਿਚੋਂ ਇਕ ਮੇਰੇ ਸੱਜੇ ਕੰਨ ਦੇ ਉਪਰਲੇ ਹਿੱਸੇ ਨੂੰ ਪਾੜ ਕੇ ਲੰਘ ਗਈ। ਮੈਨੂੰ ਫੌਰੀ ਲੱਗਾ ਕਿ ਕੁਝ ਤਾਂ ਗ਼ਲਤ ਹੈ ਤੇ ਮੈਨੂੰ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ ਤੇ ਫੌਰੀ ਮਹਿਸੂਸ ਹੋਇਆ ਕਿ ਗੋਲੀ ਮੇਰੀ (ਕੰਨ ਦੀ) ਚਮੜੀ ਨੂੰ ਪਾੜ ਕੇ ਨਿਕਲ ਗਈ। ਜਦੋਂ ਬਹੁਤ ਸਾਰਾ ਖੂਨ ਨਿਕਲਣ ਲੱਗਾ ਤਾਂ ਮੈਨੂੰ ਅਹਿਸਾਸ ਹੋਇਆ ਕਿ ਕੀ ਹੋ ਰਿਹਾ ਹੈ। ਪ੍ਰਮਾਤਮਾ ਅਮਰੀਕਾ ਦਾ ਭਲਾ ਕਰੇ!’’

You must be logged in to post a comment Login