ਹਿਮਾਚਲ ਪ੍ਰਦੇਸ਼ ਵਿੱਚ ਦੂਰ-ਦੂਰ ਤੱਕ ਭਾਰੀ ਮੀਂਹ

ਹਿਮਾਚਲ ਪ੍ਰਦੇਸ਼ ਵਿੱਚ ਦੂਰ-ਦੂਰ ਤੱਕ ਭਾਰੀ ਮੀਂਹ

ਸ਼ਿਮਲਾ, 11 ਅਗਸਤ- ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਭਾਰੀ ਮੀਂਹ ਪਿਆ, ਜਿਸ ਕਾਰਨ ਸੂਬੇ ਵਿੱਚ ਢਿੱਗਾਂ ਡਿੱਗਣ ਤੇ ਹੜ੍ਹ ਆਉਣ ਕਾਰਨ 128 ਸੜਕਾਂ ਬੰਦ ਹੋ ਗਈਆਂ। ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਕੇਂਦਰੀ ਮੰਤਰੀ ਜੇਪੀ ਨੱਢਾ ਭਲਕੇ ਸੂਬੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ। ਉਹ ਰਾਮਪੁਰ ਵਿੱਚ ਪੈਂਦੇ ਸਾਮੇਜ ਵਿੱਚ ਕੁਦਰਤੀ ਕਰੋਪੀ ਕਾਰਨ ਨੁਕਸਾਨ ਦਾ ਜਾਇਜ਼ਾ ਲੈਣਗੇ ਅਤੇ ਲੋਕਾਂ ਨਾਲ ਗੱਲਬਾਤ ਵੀ ਕਰਨਗੇ। ਮੌਸਮ ਵਿਭਾਗ ਦੇ ਖੇਤਰੀ ਦਫ਼ਤਰ ਨੇ ਸੂਬੇ ਵਿੱਚ ‘ਔਰੇਂਜ’ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸੂਬੇ ਵਿੱਚ ਭਾਰੀ ਤੋਂ ਕਾਫੀ ਭਾਰੀ ਮੀਂਹ ਦੇ ਨਾਲ ਗਰਜ ਨਾਲ ਬਿਜਲੀ ਚਮਕ ਸਕਦੀ ਹੈ। ਇਸ ਤੋਂ ਇਲਾਵਾ 16 ਅਗਸਤ ਤੱਕ ਲਈ ਭਾਰੀ ਮੀਂਹ ਲਈ ‘ਯੈਲੋ’ ਚਿਤਾਵਨੀ ਜਾਰੀ ਕੀਤੀ ਗਈ ਹੈ। ਬੀਤੇ ਦਿਨ ਸੂਬੇ ਦੇ ਵੱਖ-ਵੱਖ ਇਲਾਕਿਆਂ ਵਿੱਚ ਭਾਰੀ ਮੀਂਹ ਪਿਆ। ਇਸ ਦੌਰਾਨ ਨਾਹਨ (ਸਿਰਮੌਰ) ਵਿੱਚ ਸ਼ੁੱਕਰਵਾਰ ਸ਼ਾਮ ਤੋਂ ਅੱਜ ਤੱਕ ਸਭ ਤੋਂ ਵੱਧ 168.3 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਉਸ ਤੋਂ ਬਾਅਦ ਸੰਧੋਲ ਵਿੱਚ 106.4 ਮਿਲੀਮੀਟਰ, ਨਗਰੋਟਾ ਸੂਰੀਆਂ ਵਿੱਚ 93.2 ਮਿਲੀਮੀਟਰ, ਧੌਲਾਕੂਆਂ ਵਿੱਚ 67 ਮਿਲੀਮੀਟਰ, ਜੁੱਬੜਹੱਟੀ ਵਿੱਚ 53.2 ਮਿਲੀਮੀਟਰ ਅਤੇ ਕੰਡਾਘਾਟ ਵਿੱਚ 45.6 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਸਟੇਟ ਐਮਰਜੈਂਸੀ ਅਪ੍ਰੇਸ਼ਨ ਸੈਂਟਰ ਮੁਤਾਬਕ ਮੀਂਹ ਕਾਰਨ ਸੂਬੇ ਵਿੱਚ 44 ਬਿਜਲੀ ਘਰ ਅਤੇ 67 ਜਲ ਸਪਲਾਈ ਸਕੀਮਾਂ ਪ੍ਰਭਾਵਿਤ ਹੋਈਆਂ। ਮੌਸਮ ਵਿਭਾਗ ਨੇ ਐਤਵਾਰ ਸਵੇਰ ਤੱਕ ਮੰਡੀ, ਸਿਰਮੌਰ, ਸ਼ਿਮਲਾ ਅਤੇ ਕੁੱਲੂ ਦੇ ਦੂਰ-ਦੂਰੇਡੇ ਇਲਾਕਿਆਂ ਵਿੱਚ ਘੱਟ ਤੋਂ ਦਰਮਿਆਨੇ ਹੜ੍ਹਾਂ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ।

You must be logged in to post a comment Login