ਚੰਡੀਗੜ੍ਹ, 28 ਅਗਸਤ- 5.5 ਕਰੋੜ ਨਿਵੇਸ਼ਕਾਂ ਨਾਲ 45,000 ਕਰੋੜ (ਨਿਵੇਸ਼ਕਾਂ ਅਨੁਸਾਰ 60,000 ਕਰੋੜ) ਤੋਂ ਵੱਧ ਦੀ ਧੋਖਾਧੜੀ ਕਰਨ ਵਾਲੇ ਪਰਲ ਗਰੁੱਪ ਆਫ਼ ਕੰਪਨੀਜ਼ ਦੇ ਮੈਨੇਜਿੰਗ ਡਾਇਰੈਕਟਰ ਨਿਰਮਲ ਸਿੰਘ ਭੰਗੂ ਦੀ ਮੌਤ ਤੋਂ ਦੋ ਦਿਨ ਬਾਅਦ ਉਸ ਦੀ ਧੀ ਨੇ ਜਨਤਕ ਨੋਟਿਸ ਜਾਰੀ ਕੀਤਾ ਹੈ, ਜਿਸ ਵਿੱਚ ਵਾਅਦਾ ਕੀਤਾ ਗਿਆ ਹੈ ਕਿ ਉਹ ਹਰ ਨਿਵੇਸ਼ਕ ਦਾ ਪੈਸਾ ਮੋੜੇਗੀ। ਅਖ਼ਬਾਰਾਂ ਵਿੱਚ ਜਾਰੀ ਜਨਤਕ ਨੋਟਿਸ ਵਿੱਚ ਭਾਵਨਾਤਮਕ ਅਪੀਲ ਕਰਦੇ ਹੋਏ ਉਸ ਨੇ ਕਿਹਾ, ‘ਸਰਦਾਰ ਨਿਰਮਲ ਸਿੰਘ ਭੰਗੂ ਦਾ ਜੀਵਨ ਪਰਲਜ਼ ਗਰੁੱਪ ਦੇ ਹਰੇਕ ਨਿਵੇਸ਼ਕ ਨੂੰ ਪੈਸੇ ਦੀ ਮੁੜ ਅਦਾਇਗੀ ਲਈ ਸਮਰਪਿਤ ਸੀ। ਉਸ ਨੇ ਕਿਹਾ ਕਿ ਪੀਏਸੀਐੱਲ ਅਤੇ ਪੀਜੀਐੱਫ ਲਿਮਟਿਡ ਦੇ ਨਿਵੇਸ਼ਕਾਂ ਨੂੰ ਪੈਸੇ ਦੀ ਵਾਪਸੀ ਨਾਲ ਸਬੰਧਤ ਮੁੱਦਿਆਂ ‘ਤੇ ਸੁਪਰੀਮ ਕੋਰਟ ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ, ਜਿਸ ਨੇ 2 ਕਮੇਟੀਆਂ ਬਣਾਈਆਂ ਹਨ, ਜੋ ਨਿਵੇਸ਼ਕਾਂ ਨੂੰ ਪੈਸੇ ਵਾਪਸ ਕਰਨ ਦੀ ਨਿਗਰਾਨੀ ਕਰ ਰਹੀਆਂ ਹਨ। ਪਰਲ ਗਰੁੱਪ ਪਰਿਵਾਰ ਵੱਲੋਂ ਤੇ ਆਪਣੇ ਪਿਆਰੇ ਪਿਤਾ ਦੇ ਸਨਮਾਨ ਵਿੱਚ ਮੈਂ ਤੁਹਾਨੂੰ ਭਰੋਸਾ ਦਿੰਦੀ ਹਾਂ ਕਿ ਅਸੀ ਹਰ ਸੰਭਵ ਕੋਸ਼ਿਸ਼ ਕਰਾਂਗੇ ਹਰ ਨਿਵੇਸ਼ਕ ਦਾ ਪੈਸਾ ਮੁੜੇ।’

You must be logged in to post a comment Login