ਕਾਂਗਰਸ ਵਿੱਚ ਸ਼ਾਮਲ ਹੋਏ ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ

ਕਾਂਗਰਸ ਵਿੱਚ ਸ਼ਾਮਲ ਹੋਏ ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ

ਨਵੀਂ ਦਿੱਲੀ, 6 ਸਤੰਬਰ : ਪਹਿਲਵਾਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਸ਼ੁੱਕਰਵਾਰ ਨੂੰ ਇਥੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਉਮੀਦ ਹੈ ਕਿ ਦੋਵੇਂ 5 ਅਕਤੂਬਰ ਨੂੰ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਉਮੀਦਵਾਰ ਹੋਣਗੇ। ਸਮਝਿਆ ਜਾਂਦਾ ਹੈ ਕਿ ਵਿਨੇਸ਼ ਫੋਗਾਟ ਹਰਿਅਣਾ ਦੇ ਜੁਲਾਣਾ ਹਲਕੇ ਤੋਂ ਕਾਂਗਰਸ ਟਿਕਟ ਉਤੇ ਚੋਣ ਲੜੇਗੀ, ਜਿਥੋਂ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਅਮਰਜੀਤ ਢਾਂਡਾ ਮੌਜੂਦਾ ਵਿਧਾਇਕ ਹਨ। ਇਸੇ ਤਰ੍ਹਾਂ ਬਜਰੰਗ ਪੂਨੀਆ ਨੂੰ ਬਾਦਲੀ ਹਲਕੇ ਤੋਂ ਉਮੀਦਵਾਰ ਬਣਾਇਆ ਜਾਵੇਗਾ, ਜਿਥੋਂ ਭਾਜਪਾ ਨੇ ਸਾਬਕਾ ਸੂਬਾ ਪ੍ਰਧਾਨ ਓਮ ਪ੍ਰਕਾਸ਼ ਧਨਖੜ ਨੂੰ ਮੈਦਾਨ ਵਿਚ ਉਤਾਰਿਆ ਹੈ।

ਇਸ ਤੋਂ ਪਹਿਲਾਂ ਅੱਜ ਤੇਜ਼ੀ ਨਾਲ ਵਾਪਰੇ ਘਟਨਾਕ੍ਰਮ ਵਿਚ ਦੋਵੇਂ ਪਹਿਲਵਾਨਾਂ ਨੇ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ  ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਉਸ ਤੋਂ ਪਹਿਲਾਂ ਵਿਨੇਸ਼ ਨੇ ਨਿਜੀ ਕਾਰਨਾਂ ਦੇ ਹਵਾਲੇ ਨਾਲ ਰੇਲਵੇ ਦੀ ਆਪਣੀ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ। ਦੋਵਾਂ ਨੇ ਬੀਤੇ ਬੁੱਧਵਾਰ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਕਾਂਗਰਸ ਨੇ ਗਾਂਧੀ ਦੀ ਫੋਗਾਟ ਤੇ ਪੂਨੀਆ ਨਾਲ ਮੁਲਾਕਾਤ ਦੀ ਫੋਟੋ ਆਪਣੇ ‘ਐਕਸ’ ਹੈਂਡਲ ਉਤੇ ਨਸ਼ਰ ਕੀਤੀ ਸੀ।

ਬਜੰਰਗ ਪੂਨੀਆ ਓਲੰਪਿਕ ਤਗ਼ਮਾ ਜੇਤੂ ਪਹਿਲਵਾਨ ਹੈ ਜਦੋਂਕਿ ਫੋਗਾਟ ਹਾਲੀਆ ਪੈਰਿਸ ਓਲੰਪਿਕਸ ਦੇ 50 ਕਿਲੋ ਕੁਸ਼ਤੀ ਵਰਗ ਦੇ ਫਾਈਨਲ ਵਿਚ ਪੁੱਜਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ ਸੀ, ਹਾਲਾਂਕਿ ਉਸ ਨੂੰ ਬਾਅਦ ਵਿਚ ਥੋੜ੍ਹਾ ਜਿਹਾ ਵਜ਼ਨ ਵਧ ਜਾਣ ਕਾਰਨ ਅਯੋਗ ਕਰਾਰ ਦੇ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਨੇ ਕੁ਼ਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ।

You must be logged in to post a comment Login