ਹਾਕੀ: ਏਸ਼ਿਆਈ ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਦੀ ਲਗਾਤਾਰ ਚੌਥੀ ਜਿੱਤ

ਹਾਕੀ: ਏਸ਼ਿਆਈ ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਦੀ ਲਗਾਤਾਰ ਚੌਥੀ ਜਿੱਤ

ਹੁਲੁਨਬੂਈਰ (ਚੀਨ), 12 ਸਤੰਬਰ- ਭਾਰਤ ਨੇ ਅੱਜ ਇੱਥੇ ਹੀਰੋ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਵਿੱਚ ਕੋਰੀਆ ਨੂੰ 3-1 ਨਾਲ ਹਰਾ ਕੇ ਲਗਾਤਾਰ ਚੌਥੀ ਜਿੱਤ ਦਰਜ ਕੀਤੀ ਹੈ। ਪੈਰਿਸ ਓਲੰਪਿਕ ਦੀ ਕਾਂਸੀ ਤਗ਼ਮਾ ਜੇਤੂ ਟੀਮ ਭਾਰਤ ਨੇ ਪਿਛਲੇ ਤਿੰਨ ਮੈਚਾਂ ਵਿੱਚ ਚੀਨ ਨੂੰ 3-0, ਜਪਾਨ ਨੂੰ 5-0 ਅਤੇ ਪਿਛਲੇ ਸਾਲ ਦੇ ਰਨਰਅੱਪ ਮਲੇਸ਼ੀਆ ਨੂੰ 8-1 ਨਾਲ ਹਰਾਇਆ ਹੈ।ਅੱਜ ਦੇ ਮੈਚ ਵਿੱਚ ਅਰਾਈਜੀਤ ਸਿੰਘ ਹੁੰਦਲ (8ਵੇਂ ਮਿੰਟ) ਅਤੇ ਸਕਿੱਪਰ ਹਰਮਨਪ੍ਰੀਤ ਸਿੰਘ (9ਵੇਂ ਤੇ 43ਵੇਂ ਮਿੰਟ) ਦੇ ਗੋਲਾਂ ਦੀ ਬਦੌਲਤ ਭਾਰਤ ਨੇ ਕੋਰੀਆ ਖ਼ਿਲਾਫ਼ ਜਿੱਤ ਦਰਜ ਕੀਤੀ। ਕੋਰੀਆ ਵੱਲੋਂ ਇੱਕੋ-ਇੱਕ ਗੋਲ ਜਿਹੂਨ ਯਾਂਗ ਨੇ 30ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਕੀਤਾ। ਪਹਿਲਾਂ ਹੀ ਸੈਮੀ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਚੁੱਕੀ ਭਾਰਤ ਦੀ ਟੀਮ ਆਪਣੇ ਆਖ਼ਰੀ ਲੀਗ ਮੈਚ ਵਿੱਚ ਸ਼ਨਿਚਰਵਾਰ ਨੂੰ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ ਖੇਡੇਗੀ। ਛੇ ਟੀਮਾਂ ਦੇ ਇਸ ਟੂਰਨਾਮੈਂਟ ਵਿੱਚ ਲੀਗ ਪੜਾਅ ਦੀਆਂ ਸਿਖ਼ਰਲੀਆਂ ਚਾਰ ਟੀਮਾਂ ਸ਼ਨਿਚਰਵਾਰ ਨੂੰ ਹੋਣ ਵਾਲੇ ਸੈਮੀ ਫਾਈਨਲ ਮੁਕਾਬਲੇ ਲਈ ਕੁਆਲੀਫਾਈ ਕਰਨਗੀਆਂ। ਫਾਈਨਲ ਮੁਕਾਬਲਾ ਐਤਵਾਰ ਨੂੰ ਹੋਵੇਗਾ।

You must be logged in to post a comment Login