ਪ੍ਰਦਰਸ਼ਨਕਾਰੀ ਡਾਕਟਰਾਂ ਦੇ ਧਰਨਾ ਸਥਾਨ ’ਤੇ ਪੁੱਜੀ ਮਮਤਾ ਬੈਨਰਜੀ

ਪ੍ਰਦਰਸ਼ਨਕਾਰੀ ਡਾਕਟਰਾਂ ਦੇ ਧਰਨਾ ਸਥਾਨ ’ਤੇ ਪੁੱਜੀ ਮਮਤਾ ਬੈਨਰਜੀ

ਕੋਲਕਾਤਾ, 14 ਸਤੰਬਰ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅੱਜ ਅਚਾਨਕ ਜੂਨੀਅਰ ਡਾਕਟਰਾਂ ਦੇ ਧਰਨਾ ਸਥਾਨ ’ਤੇ ਪੁੱਜੀ ਅਤੇ ਉਨ੍ਹਾਂ ਦੀਆਂ ਮੰਗਾਂ ’ਤੇ ਗੌਰ ਕਰਨ ਅਤੇ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦਿੱਤਾ। ਸਾਲਟ ਲੇਕ ਵਿੱਚ ਸਵਾਸਥ ਭਵਨ ਦੇ ਬਾਹਰ ਪ੍ਰਦਰਸ਼ਨਕਾਰੀ ਡਾਕਟਰਾਂ ਨੂੰ ਸੰਬੋਧਨ ਕਰਦੇ ਹੋਏ ਬੈਨਰਜੀ ਨੇ ਕਿਹਾ ਕਿ ਡਾਕਟਰ ਬਾਰਿਸ਼ ਵਿੱਚ ਸੜਕ ’ਤੇ ਧਰਨਾ ਦੇ ਰਹੇ ਹਨ, ਜਿਸ ਕਾਰਨ ਉਨ੍ਹਾਂ ਦੀ ਰਾਤਾਂ ਦੀ ਨੀਂਦ ਉੱਡੀ ਹੋਈ ਹੈ। ਉਨ੍ਹਾਂ ਕਿਹਾ, ‘‘ਮੈਂ ਤੁਹਾਨੂੰ ਮੁੱਖ ਮੰਤਰੀ ਵਜੋਂ ਨਹੀਂ ਬਲਕਿ ਤੁਹਾਡੀ ਦੀਦੀ ਵਜੋਂ ਮਿਲਣ ਆਈ ਹਾਂ।’’ ਬੈਨਰਜੀ ਨੇ ਕਿਹਾ, ‘‘ਮੈਂ ਤੁਹਾਨੂੰ ਭਰੋਸਾ ਦਿੰਦੀ ਹਾਂ ਕਿ ਤੁਹਾਡੀਆਂ ਮੰਗਾਂ ’ਤੇ ਗੌਰ ਕਰਾਂਗੀ ਅਤੇ ਜੇ ਕੋਈ ਦੋਸ਼ੀ ਪਾਇਆ ਗਿਆ ਤਾਂ ਕਾਰਵਾਈ ਕਰਾਂਗੀ।’’ ਉਨ੍ਹਾਂ ਧਰਨੇ ’ਤੇ ਬੈਠੇ ਡਾਕਟਰਾਂ ਨੂੰ ਕੰਮ ’ਤੇ ਪਰਤਣ ਦੀ ਅਪੀਲ ਕੀਤੀ। ਬੈਨਰਜੀ ਨੇ ਇਹ ਐਲਾਨ ਵੀ ਕੀਤਾ ਕਿ ਸਾਰੇ ਸਰਕਾਰੀ ਹਸਪਤਾਲਾਂ ਦੀਆਂ ਮਰੀਜ਼ ਭਲਾਈ ਕਮੇਟੀਆਂ ਨੂੰ ਤੁਰੰਤ ਪ੍ਰਭਾਵ ਤੋਂ ਭੰਗ ਕਰ ਦਿੱਤਾ ਗਿਆ ਹੈ। ਬੈਨਰਜੀ ਨੇ ਕਿਹਾ , ‘‘ਸੰਕਟ ਨੂੰ ਸੁਲਝਾਉਣ ਦੀ ਇਹ ਮੇਰੀ ਆਖਰੀ ਕੋਸ਼ਿਸ਼ ਹੈ।’’

You must be logged in to post a comment Login