ਪੋਤੇ ਦਾ ਖੇਡ ਮੁਕਾਬਲਾ ਦੇਖਣ ਆਏ ਦਾਦੇ ਦੀ ਦਿਲ ਦੇ ਦੌਰੇ ਨਾਲ ਮੌਤ

ਪੋਤੇ ਦਾ ਖੇਡ ਮੁਕਾਬਲਾ ਦੇਖਣ ਆਏ ਦਾਦੇ ਦੀ ਦਿਲ ਦੇ ਦੌਰੇ ਨਾਲ ਮੌਤ

ਭਵਾਨੀਗੜ੍ਹ, 20 ਸਤੰਬਰ- ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਕਰਵਾਈਆਂ ਜਾ ਰਹੀਆਂ 68ਵੀਆਂ ਜ਼ਿਲ੍ਹਾ ਸਕੂਲ ਖੇਡਾਂ ਦੌਰਾਨ ਨੇੜਲੇ ਪਿੰਡ ਰੋਸ਼ਨਵਾਲਾ ਵਿਖੇ ਆਪਣੇ ਪੋਤੇ ਏਕਮਜੋਤ ਸੈਣੀ ਦਾ ਰੋਲਰ ਸਕੇਟਿੰਗ ਦਾ ਮੁਕਾਬਲਾ ਦੇਖਣ ਆਏ ਇਕ ਬਜ਼ੁਰਗ ਦੀ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਰੋਸ਼ਨਵਾਲਾ ਵਿਖੇ ਭਾਰਤ ਮਾਲਾ ਪ੍ਰੋਜੈਕਟ ਤਹਿਤ ਨਿਰਮਾਣ ਅਧੀਨ ਦਿੱਲੀ ਕੱਟੜਾ ਐਕਸਪ੍ਰੈਸ-ਵੇਅ ਦੀ ਸਰਵਿਸ ਰੋਡ ‘ਤੇ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਰੋਲਰ ਸਕੇਟਿੰਗ ਮੁਕਾਬਲਿਆਂ ਦੌਰਾਨ ਗੁਰਚਰਨ ਸਿੰਘ ਸੈਣੀ ਵਾਸੀ ਪਿੰਡ ਮੁੰਡੀ ਖਰੜ, ਜ਼ਿਲ੍ਹਾ ਮੁਹਾਲੀ ਆਪਣੇ ਪੋਤੇ ਦਾ ਮੁਕਾਬਲਾ ਦੇਖਣ ਲਈ ਪਰਿਵਾਰਕ ਮੈਂਬਰਾਂ ਨਾਲ ਇਥੇ ਆਇਆ ਹੋਇਆ ਸੀ।

ਉਸ ਦੇ ਪੋਤੇ ਏਕਮਜੋਤ ਸੈਣੀ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਜਿੱਤਿਆ ਤੇ ਉਸ ਦੀ ਚੋਣ ਨੈਸ਼ਨਲ ਪੱਧਰੀ ਮੁਕਾਬਲੇ ਲਈ ਹੋ ਗਈ। ਇਸ ਦੀ ਗੁਰਚਰਨ ਸਿੰਘ ਸੈਣੀ ਨੂੰ ਬਹੁਤ ਖੁਸ਼ੀ ਹੋਈ ਅਤੇ ਉਸ ਨੇ ਆਪਣੀ ਖੁਸ਼ੀ ਮੋਬਾਇਲ ਫੋਨ ਰਾਹੀਂ ਆਪਣੇ ਰਿਸ਼ਤੇਦਾਰਾਂ ਤੇ ਪਰਿਵਾਰਕ ਮੈਂਬਰਾਂ ਨਾਲ ਵੀ ਸਾਂਝੀ ਕੀਤੀ। ਪਰ ਮੁਕਾਬਲਾ ਦੇਖਣ ਉਪਰੰਤ ਜਦੋਂ ਉਹ ਰੋਟੀ ਖਾਣ ਲੱਗਿਆ ਤਾਂ ਅਚਾਨਕ ਬੇਹੋਸ਼ ਹੋ ਕੇ ਡਿੱਗ ਪਿਆ। ਇਸ ਸਬੰਧੀ ਸਿੱਖਿਆ ਵਿਭਾਗ ਦੀ ਜ਼ਿਲ੍ਹਾ ਸਪੋਰਟਸ ਕੋਆਰਡੀਟੇਨਰ ਨਰੇਸ਼ ਸੈਣੀ ਨੇ ਦੱਸਿਆ ਕਿ ਬਜ਼ੁਰਗ ਨੂੰ ਇਥੇ ਮੌਜੂਦ ਸਿਹਤ ਵਿਭਾਗ ਦੀ ਟੀਮ ਵੱਲੋਂ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਭਵਾਨੀਗੜ੍ਹ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਅਨੁਸਾਰ ਦਿਲ ਦਾ ਵੱਡਾ ਦੌਰਾ ਪੈਣ ਕਾਰਨ ਬਜ਼ੁਰਗ ਦੀ ਮੌਤ ਹੋਈ ਹੈ।

You must be logged in to post a comment Login