ਸਰਪੰਚੀ ਲਈ ਕਰੋੜਾਂ ਰੁਪਏ ਦੀਆਂ ਬੋਲੀਆਂ ਵਿਰੁੱਧ ਕਾਰਵਾਈ ਦੀ ਮੰਗ

ਸਰਪੰਚੀ ਲਈ ਕਰੋੜਾਂ ਰੁਪਏ ਦੀਆਂ ਬੋਲੀਆਂ ਵਿਰੁੱਧ ਕਾਰਵਾਈ ਦੀ ਮੰਗ

ਮਜੀਠਾ, 3 ਅਕਤੂਬਰ- ਪੰਜਾਬ ਕਿਸਾਨ ਯੂਨੀਅਨ (ਰੁਲਦੂ ਸਿੰਘ) ਨੇ ਸਰਪੰਚੀ ਲਈ ਲੱਖਾਂ ਕਰੋੜਾਂ ਰੁਪਏ ਦੀਆਂ ਲਾਈਆਂ ਜਾ ਰਹੀਆਂ ਬੋਲੀਆਂ ਦੇ ਰੁਝਾਨ ਨੂੰ ਰੋਕਣ ਲਈ ਚੋਣ ਕਮਿਸ਼ਨ ਨੂੰ ਸਖਤ ਕਦਮ ਚੁੱਕਣ ਦੀ ਮੰਗ ਕੀਤੀ ਹੈ। ਪੰਜਾਬ ਕਿਸਾਨ ਯੂਨੀਅਨ ਦੀ ਮੀਟਿੰਗ ਵਿੱਚ ਮਾਝਾ ਜ਼ੋਨ ਦੇ ਪ੍ਰਧਾਨ ਬਲਬੀਰ ਸਿੰਘ ਮੂਧਲ, ਜ਼ਿਲ੍ਹਾ ਪ੍ਰਧਾਨ ਲਖਬੀਰ ਸਿੰਘ ਤੇੜਾ ਅਤੇ ਜ਼ਿਲ੍ਹਾ ਪ੍ਰਚਾਰ ਸਕੱਤਰ ਅਤੇ ਮੀਡੀਆ ਕੋਆਰਡੀਨੇਟਰ ਨਰਿੰਦਰ ਲਾਡੀ ਤੇੜਾ ਨੇ ਕਿਹਾ ਕਿ ਧਨਾਢਾਂ ਵੱਲੋਂ ਪਿੰਡਾਂ ਦੀ ਸਰਪੰਚੀ ਲਈ ਲੱਖਾਂ ਕਰੋੜਾਂ ਰੁਪਏ ਦੀਆਂ ਲਾਈਆਂ ਜਾ ਰਹੀਆਂ ਬੋਲੀਆਂ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਖਤਰਨਾਕ ਰੁਝਾਨ ਨੂੰ ਰੋਕਣ ਲਈ ਚੋਣ ਕਮਿਸ਼ਨ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਜਮਹੂਰੀ ਅਤੇ ਨਿਰਪੱਖ ਢੰਗ ਨਾਲ ਚੋਣ ਕਰਵਾਈ ਜਾਣੀ ਚਾਹੀਦੀ ਹੈ। ਪਿੰਡਾਂ ਵਿੱਚ ਪੰਚਾਇਤੀ ਚੋਣਾਂ ਵਿੱਚ ਲੱਖਾਂ ਕਰੋੜਾਂ ਰੁਪਏ ਦੀ ਬੋਲੀ ਦੇ ਰਹੇ ਵਿਅਕਤੀਆਂ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਪੰਜਾਬ ਦੇ ਸਮੂਹ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਪਿੰਡਾਂ ਵਿੱਚ ਪੜ੍ਹੇ ਲਿਖੇ ਸਿਆਣੇ ਅਤੇ ਸੂਝਵਾਨ ਸਰਪੰਚ ਚੁਣੇ ਜਾਣ ਤੇ ਪਿੰਡਾਂ ਨੂੰ ਧੜੇਬੰਦੀਆਂ ਤੇ ਝਗੜਿਆਂ ਤੋਂ ਮੁਕਤ ਰੱਖਿਆ ਜਾਵੇ।

You must be logged in to post a comment Login