ਅਕਾਲੀ ਦਲ (ਅ) ਨੇ ਗੋਵਿੰਦ ਸਿੰਘ ਸੰਧੂ ਨੂੰ ਬਰਨਾਲਾ ਤੋਂ ਉਮੀਦਵਾਰ ਐਲਾਨਿਆ

ਅਕਾਲੀ ਦਲ (ਅ) ਨੇ ਗੋਵਿੰਦ ਸਿੰਘ ਸੰਧੂ ਨੂੰ ਬਰਨਾਲਾ ਤੋਂ ਉਮੀਦਵਾਰ ਐਲਾਨਿਆ

ਬਰਨਾਲਾ : ਜ਼ਿਮਨੀ ਚੋਣ ਨੂੰ ਲੈ ਕੇ ਪੰਥਕ ਇਕੱਤਰਤਾ ਦੌਰਾਨ ਜੈਕਾਰਿਆਂ ਦੀ ਗੂੰਜ ‘ਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਥੇਬੰਦਕ ਸਕੱਤਰ ਗੋਵਿੰਦ ਸਿੰਘ ਸੰਧੂ ਨੂੰ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਉਮੀਦਵਾਰ ਐਲਾਨਿਆ ਗਿਆ, ਜਦੋਂਕਿ ਬਾਕੀ ਦੇ ਤਿੰਨ ਹਲਕਿਆਂ ਗਿੱਦੜਵਾਹਾ, ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਲਈ ਉਮੀਦਵਾਰਾਂ ਦਾ ਫੈਸਲਾ ਅਗਲੀ ਮੀਟਿੰਗ ‘ਚ ਲਿਆ ਜਾਵੇਗਾ। ਇਕੱਤਰਤਾ ‘ਚ ਹਾਜ਼ਰ ਸਮੂਹ ਪੰਥਕ ਧਿਰਾਂ ਦੇ ਨੁਮਾਇੰਦਿਆਂ ਵੱਲੋਂ ਗੋਵਿੰਦ ਸਿੰਘ ਸੰਧੂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ ਗਈ।ਜ਼ਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਲਟਕ ਰਹੇ ਵੱਖ ਵੱਖ ਪੰਥਕ ਮਸਲਿਆਂ ਦੇ ਹੱਲ ਅਤੇ ਜ਼ਿਮਨੀ ਚੋਣਾਂ ‘ਚ ਪੰਥਕ ਧਿਰਾਂ ਦੇ ਉਮੀਦਵਾਰਾਂ ਨੂੰ ਮਜਬੂਤੀ ਨਾਲ ਉਭਾਰਨ ਦੇ ਮੰਤਵ ਨਾਲ ਅੱਜ ਪ੍ਰੈਸ ਕਲੱਬ ਸੈਕਟਰ 27 ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪੰਥਕ ਇਕੱਤਰਤਾ ਦਾ ਸੱਦਾ ਦਿੱਤਾ ਗਿਆ ਸੀ, ਜਿਸ ਵਿਚ ਉਚੇਚੇ ਤੌਰ ‘ਤੇ ਭਾਈ ਜਸਵੀਰ ਸਿੰਘ ਰੋਡੇ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ, ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਗੁਰਦੀਪ ਸਿੰਘ ਬਠਿੰਡਾ ਪ੍ਰਧਾਨ ਸ਼ੇਰੇ ਪੰਜਾਬ ਅਕਾਲੀ ਦਲ ਸਮੇਤ ਵੱਖ-ਵੱਖ ਪੰਥਕ, ਧਾਰਮਿਕ ਅਤੇ ਰਾਜਨੀਤਿਕ ਧਿਰਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਇਕੱਤਰਤਾ ਦੌਰਾਨ ਜਿੱਥੇ ਸਿੱਖ ਕੌਮ ਦੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਵੱਖ-ਵੱਖ ਮਸਲਿਆਂ ਦਾ ਇਨਸਾਫ ਲੈਣ, ਦੇਸ਼ ਤੇ ਵਿਦੇਸ਼ ਵਿੱਚ ਸਿੱਖ ਆਗੂਆਂ ਦੇ ਕਰਵਾਏ ਜਾ ਰਹੇ ਕਤਲੇਆਮ ਨੂੰ ਰੋਕਣ ਲਈ ਤੇ ਜ਼ਿਮਨੀ ਚੋਣ ‘ਚ ਪੰਥਕ ਉਮੀਦਵਾਰਾਂ ਨੂੰ ਜਿਤਾ ਕੇ ਅੰਤਰਰਾਸ਼ਟਰੀ ਪੱਧਰ ‘ਤੇ ਸਿੱਖ ਕੌਮ ਦੀ ਆਵਾਜ਼ ਬੁਲੰਦ ਕਰਨ ਲਈ ਵਿਚਾਰ ਚਰਚਾ ਕੀਤੀ ਗਈ, ਉੱਥੇ ਹੀ ਪੰਥਕ ਧਿਰਾਂ ਵੱਲੋਂ ਬਰਨਾਲਾ ਤੋਂ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਅਤੇ ਪਾਰਟੀ ਦੇ ਜਥੇਬੰਦਕ ਸਕੱਤਰ ਗੋਵਿੰਦ ਸਿੰਘ ਸੰਧੂ ਦਾ ਨਾਂ ਉਮੀਦਵਾਰ ਵਜੋਂ ਪੇਸ਼ ਕੀਤਾ ਗਿਆ, ਜਿਸ ਨੂੰ ਹਾਜ਼ਰ ਸਮੂਹ ਪੰਥਕ ਧਿਰਾਂ ਦੇ ਨੁਮਾਇੰਦਿਆਂ ਵੱਲੋਂ ਜੈਕਾਰਿਆਂ ਦੀ ਗੂੰਜ ‘ਚ ਪ੍ਰਵਾਨਗੀ ਦਿੱਤੀ ਗਈ।

You must be logged in to post a comment Login