ਲੰਡਨ, 12 ਅਕਤੂਬਰ- ਗਲੋਬਲ ਹੰਗਰ ਇੰਡੈਕਸ (ਜੀਐਚਆਈ) 2024 ਦੀ ਰਿਪੋਰਟ ਅਨੁਸਾਰ ਭਾਰਤ ਨੇ 127 ਦੇਸ਼ਾਂ ਵਿਚੋਂ 105ਵਾਂ ਰੈਂਕ ਹਾਸਲ ਕੀਤਾ ਹੈ। ਇਸ ਰਿਪੋਰਟ ਅਨੁਸਾਰ ਭਾਰਤ ਉਨ੍ਹਾਂ ਦੇਸ਼ਾਂ ਵਿਚ ਸ਼ਾਮਲ ਹੈ ਜਿੱਥੇ ਭੁੱਖਮਰੀ ਗੰਭੀਰ ਸਮੱਸਿਆ ਹੈ। ਭਾਰਤ ਨੂੰ ਭੁੱਖਮਰੀ ਦੀ ਗੰਭੀਰ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਇਸ ਰੈਂਕਿੰਗ ਵਿਚ ਸ੍ਰੀਲੰਕਾ, ਨੇਪਾਲ ਤੇ ਬੰਗਲਾਦੇਸ਼ ਨੇ ਵੀ ਭਾਰਤ ਨੂੰ ਪਿੱਛੇ ਛੱਡ ਦਿੱਤਾ ਹੈ। ਭਾਰਤ ਦੀ ਰੈਂਕਿੰਗ ਪਾਕਿਸਤਾਨ ਤੇ ਅਫਗਾਨਿਸਤਾਨ ਨਾਲੋਂ ਬਿਹਤਰ ਹੈ। ਇਹ ਰਿਪੋਰਟ ਕਨਸਰਨ ਵਰਲਡਵਾਈਡ ਅਤੇ ਵੈਲਟਹੰਗਰਹਿਲਫ ਵੱਲੋਂ ਪ੍ਰਕਾਸ਼ਤ ਕੀਤੀ ਗਈ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਦੁਨੀਆ ਦੇ ਜ਼ਿਆਦਾਤਰ ਗਰੀਬ ਦੇਸ਼ਾਂ ਵਿੱਚ ਭੁੱਖਮਰੀ ਦਾ ਪੱਧਰ ਕਈ ਦਹਾਕਿਆਂ ਤੱਕ ਉੱਚਾ ਹੀ ਰਹੇਗਾ। ਇਸ ਰਿਪੋਰਟ ਵਿਚ ਭਾਰਤ ਉਨ੍ਹਾਂ 42 ਦੇਸ਼ਾਂ ਵਿੱਚ ਸ਼ਾਮਲ ਹੈ ਜੋ ਭੁੱਖਮਰੀ ਦੀ ‘ਗੰਭੀਰ’ ਸ਼੍ਰੇਣੀ ਵਿੱਚ ਆਉਂਦੇ ਹਨ। ਇਸ ਰਿਪੋਰਟ ਵਿਚ ਭਾਰਤ ਦੇ 27.3 ਅੰਕ ਹਨ। ਇਹ ਗਲੋਬਲ ਹੰਗਰ ਇੰਡੈਕਸ ਰਿਪੋਰਟ ਚਾਰ ਪੈਮਾਨਿਆਂ ’ਤੇ ਆਧਾਰਿਤ ਹੈ ਜਿਸ ਦੀ 13.7 ਫੀਸਦੀ ਆਬਾਦੀ ਕੁਪੋਸ਼ਣ ਦਾ ਸ਼ਿਕਾਰ ਹੈ, ਪੰਜ ਸਾਲ ਤੋਂ ਘੱਟ ਉਮਰ ਦੇ 35.5 ਫੀਸਦੀ ਬੱਚੇ ਅਵਿਕਸਤ ਹਨ ਜਿਨ੍ਹਾਂ ਵਿੱਚੋਂ 18.7 ਫੀਸਦੀ ਕਮਜ਼ੋਰ ਹਨ ਅਤੇ 2.9 ਫੀਸਦੀ ਬੱਚੇ ਪੈਦਾਇਸ਼ ਦੇ ਪੰਜ ਸਾਲ ਦੇ ਅੰਦਰ ਮਰ ਜਾਂਦੇ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੁਨੀਆ ਭਰ ਨੂੰ ਸਾਲ 2030 ਤਕ ਭੁੱਖਮਰੀ ਤੋਂ ਮੁਕਤ ਕਰਨ ਦੇ ਸੰਯੁਕਤ ਰਾਸ਼ਟਰ ਦੇ ਟੀਚੇ ਨੂੰ ਹਾਸਲ ਕਰਨ ਦੀ ਸੰਭਾਵਨਾ ਬਹੁਤ ਘੱਟ ਹੈ।
You must be logged in to post a comment Login