ਜ਼ਿਮਨੀ ਚੋਣਾਂ ਲਈ ਕਾਂਗਰਸ ਨੇ ਉਮੀਦਵਾਰ ਐਲਾਨੇ

ਚੰਡੀਗੜ੍ਹ, 23 ਅਕਤੂਬਰ- ਪੰਜਾਬ ਕਾਂਗਰਸ ਨੇ ਜ਼ਿਮਨੀ ਚੋਣਾਂ ਲਈ ਅੱਜ ਦੇਰ ਸ਼ਾਮ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ। ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਵੱਲੋਂ ਜਾਰੀ ਸੂਚੀ ਅਨੁਸਾਰ ਹਲਕਾ ਗਿੱਦੜਬਾਹਾ ਤੋਂ ਅੰਮ੍ਰਿਤਾ ਵੜਿੰਗ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਤੋਂ ਜਤਿੰਦਰ ਕੌਰ, ਰਾਖਵਾਂ ਹਲਕਾ ਚੱਬੇਵਾਲ ਤੋਂ ਰਣਜੀਤ ਕੁਮਾਰ ਅਤੇ ਬਰਨਾਲਾ ਤੋਂ ਕੁਲਦੀਪ ਸਿੰਘ ਢਿਲੋਂ ਨੂੰ ਉਮੀਦਵਾਰ ਬਣਾਇਆ ਗਿਆ ਹੈ। ‘ਆਪ’ ਵੱਲੋਂ ਪਹਿਲਾਂ ਹੀ ਚਾਰ ਸੀਟਾਂ ਤੋਂ ਉਮੀਦਵਾਰ ਐਲਾਨੇ ਜਾ ਚੁੱਕੇ ਹਨ ਜਦਕਿ ਭਾਜਪਾ ਨੇ ਵੀ ਤਿੰਨ ਸੀਟਾਂ ਤੋਂ ਉਮੀਦਵਾਰ ਐਲਾਨ ਦਿੱਤੇ ਹਨ। ਉਮੀਦਵਾਰਾਂ ਦਾ ਐਲਾਨ ਕਰਨ ਵਿਚ ਸ਼੍ਰੋਮਣੀ ਅਕਾਲੀ ਦਲ ਪਛੜ ਗਿਆ ਹੈ। ਕਾਂਗਰਸ ਨੇ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਗਿੱਦੜਬਾਹਾ ਤੋਂ ਉਮੀਦਵਾਰ ਬਣਾਇਆ ਹੈ ਜੋ ਲੋਕ ਸਭਾ ਚੋਣਾਂ ਸਮੇਂ ਹਲਕਾ ਬਠਿੰਡਾ ਤੋਂ ਟਿਕਟ ਦੇ ਦਾਅਵੇਦਾਰ ਸਨ। ਰਾਜਾ ਵੜਿੰਗ ਲਈ ਗਿੱਦੜਬਾਹਾ ਦੀ ਸੀਟ ਹੁਣ ਵੱਕਾਰੀ ਬਣ ਗਈ ਹੈ। ਜ਼ਿਕਰਯੋਗ ਹੈ ਕਿ ਮਨਪ੍ਰੀਤ ਬਾਦਲ ਅਤੇ ਰਾਜਾ ਵੜਿੰਗ ਪੁਰਾਣੇ ਸਿਆਸੀ ਵਿਰੋਧੀ ਰਹੇ ਹਨ ਅਤੇ ਹੁਣ ਗਿਦੜਬਾਹਾ ਸੀਟ ਤੋਂ ਮਨਪ੍ਰੀਤ ਅਤੇ ਵੜਿੰਗ ਦੀ ਪਤਨੀ ਅੰਿਮ੍ਰਤਾ ਵੜਿੰਗ ਇੱਕ-ਦੂਜੇ ਦੇ ਆਹਮੋ-ਸਾਹਮਣੇ ਹੋਣਗੇ। ਹਲਕਾ ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਐਲਾਨੀ ਗਈ ਜਤਿੰਦਰ ਕੌਰ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਹੈ।

You must be logged in to post a comment Login