ਪ੍ਰਿਯੰਕਾ ਗਾਂਧੀ ਨੇ ਵਾਇਨਾਡ ਸੰਸਦੀ ਹਲਕੇ ਦੀ ਜ਼ਿਮਨੀ ਚੋਣ ਲਈ ਕਾਗਜ਼ ਭਰੇ

ਵਾਇਨਾਡ, 23 ਅਕਤੂਬਰ : ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਬੁੱਧਵਾਰ ਨੂੰ ਕੇਰਲ ਦੇ ਵਾਇਨਾਡ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ। ਇਸ ਦੇ ਨਾਲ ਹੀ ਪ੍ਰਿਯੰਕਾ ਗਾਂਧੀ ਪਹਿਲੀ ਵਾਰ ਕਿਸੇ ਚੋਣ ਮੈਦਾਨ ਵਿਚ ਨਿੱਤਰ ਆਏ ਹਨ। ਉਨ੍ਹਾਂ ਵਾਇਨਾਡ ਚੋਣ ਦੀ ਰਿਟਰਨਿੰਗ ਅਫ਼ਸਰ ਅਤੇ ਜ਼ਿਲ੍ਹਾ ਕੁਲੈਕਟਰ ਮੇਘਾਸ੍ਰੀ ਕੋਲ ਨਾਮਜ਼ਦਗੀ ਕਾਗਜ਼ਾਂ ਦੇ ਤਿੰਨ ਸੈੱਟ ਦਾਖ਼ਲ ਕੀਤੇ ਹਨ। ਜਦੋਂ ਉਨ੍ਹਾਂ ਕਾਗਜ਼ਾਂ ਉਤੇ ਦਸਤਖ਼ਤ ਕੀਤੇ ਤਾਂ ਉਨ੍ਹਾਂ ਦੇ ਪਤੀ ਰੌਬਰਟ ਵਾਡਰਾ ਅਤੇ ਉਨ੍ਹਾਂ ਦਾ ਪੁੱਤਰ ਉਨ੍ਹਾਂ ਨਾਲ ਸਨ। ਉਨ੍ਹਾਂ ਦੀ ਮਾਤਾ ਤੇ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਪਿੱਛੇ ਬੈਠੇ ਸਨ।

ਇਸ ਦੌਰਾਨ ਉਦੋਂ ਕੁਝ ਭੰਬਲਭੂਸਾ ਪੈਦਾ ਹੋਇਆ ਜਦੋਂ ਅਧਿਕਾਰੀਆਂ ਨੇ ਜ਼ੋਰ ਦਿੱਤਾ ਕਿ ਕਾਗਜ਼ ਭਰਨ ਲਈ ਰਿਟਰਨਿੰਗ ਅਫ਼ਸਰ ਦੇ ਚੈਂਬਰ ਵਿਚ ਉਮੀਦਵਾਰ ਨਾਲ ਸਿਰਫ਼ ਪੰਜ ਜਣੇ ਹੀ ਜਾ ਸਕਦੇ ਹਨ। ਇਸ ਉਤੇ ਥੋੜ੍ਹੀ ਦੇਰ ਬਾਅਦ ਰੌਬਰਟ ਵਾਡਰਾ ਤੇ ਉਨ੍ਹਾਂ ਦਾ ਪੁੱਤਰ ਚੈਂਬਰ ਤੋਂ ਬਾਹਰ ਆ ਗਏ ਤਾਂ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪਾਰਟੀ ਜਨਰਲ ਸਕੱਤਰ ਤੇ ਲੋਕ ਸਭਾ ਐੱਮਪੀ ਕੇਸੀ ਵੇਣੂਗੋਪਾਲ ਅੰਦਰ ਜਾ ਸਕਣ। ਇਸ ਮੌਕੇ ਪ੍ਰਿਯੰਕਾ ਦੇ ਭਰਾ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੀ ਹਾਜ਼ਰ ਸਨ। ਗ਼ੌਰਤਲਬ ਹੈ ਕਿ ਵਾਇਨਾਡ ਹਲਕੇ ਦੀ ਜ਼ਿਮਨੀ ਚੋਣ ਇਸ ਹਲਕੇ ਨੂੰ ਰਾਹੁਲ ਗਾਂਧੀ ਵੱਲੋਂ ਹੀ ਖ਼ਾਲੀ ਕੀਤੇ ਜਾਣ ਕਾਰਨ ਹੋ ਰਹੀ ਹੈ, ਕਿਉਂਕਿ ਉਹ ਦੋ ਹਲਕਿਆਂ ਤੋਂ ਚੋਣ ਜਿੱਤੇ ਸਨ। ਇਸ ਜ਼ਿਮਨੀ ਚੋਣ ਲਈ ਵੋਟਾਂ 13 ਨਵੰਬਰ ਨੂੰ ਪੈਣਗੀਆਂ ਅਤੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ।

You must be logged in to post a comment Login