ਸੁਖਬੀਰ ਬਾਦਲ ਨੂੰ ਸਿਆਸੀ ਸਰਗਰਮੀਆਂ ਲਈ ਅਕਾਲ ਤਖ਼ਤ ਤੋਂ ਨਾ ਮਿਲੀ ਛੋਟ

ਸੁਖਬੀਰ ਬਾਦਲ ਨੂੰ ਸਿਆਸੀ ਸਰਗਰਮੀਆਂ ਲਈ ਅਕਾਲ ਤਖ਼ਤ ਤੋਂ ਨਾ ਮਿਲੀ ਛੋਟ

ਅੰਮ੍ਰਿਤਸਰ, 23 ਅਕਤੂਬਰ- ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੂੰ ਫਿਲਹਾਲ ਕੋਈ ਛੋਟ ਨਹੀਂ ਮਿਲੀ ਹੈ, ਜਿਸ ਕਾਰਨ ਉਹ ਅਗਲੇ ਫੈਸਲੇ ਤੱਕ ਪਾਰਟੀ ਗਤੀਵਿਧੀਆਂ ਵਿੱਚ ਸਰਗਰਮ ਨਹੀਂ ਹੋ ਸਕਣਗੇ। ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵਫਦ ਨੇ ਬੀਤੀ ਸ਼ਾਮ ਇਸ ਸਬੰਧ ਵਿੱਚ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਇੱਕ ਮੰਗ ਪੱਤਰ ਦੇ ਕੇ ਇਸ ਮਾਮਲੇ ਵਿੱਚ ਜ਼ਿਮਨੀ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਸੁਖਬੀਰ ਸਿੰਘ ਬਾਦਲ ਨੂੰ ਛੋਟ ਦੇਣ ਦੀ ਅਪੀਲ ਕੀਤੀ ਸੀ। ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖਤ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦਿੱਤਾ ਹੋਇਆ। ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅੱਜ ਇੱਥੇ ਇੱਕ ਸਥਾਨਕ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਗਏ ਸਨ। ਉਥੇ ਉਨ੍ਹਾਂ ਮੀਡੀਆ ਨਾਲ ਗੱਲ ਕਰਦਿਆਂ ਇਸ ਸਬੰਧੀ ਇੱਕ ਸਵਾਲ ਦੇ ਜਵਾਬ ਵਿੱਚ ਆਖਿਆ ਕਿ ਇਸ ਮਾਮਲੇ ਨੂੰ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਸੱਦ ਕੇ ਵਿਚਾਰਿਆ ਜਾਵੇਗਾ। ਇਹ ਮੀਟਿੰਗ ਦੀਵਾਲੀ ਤੋਂ ਬਾਅਦ ਹੀ ਸੱਦੇ ਜਾਣ ਦੀ ਸੰਭਾਵਨਾ ਹੈ।

‘ਕੀ ਕਿਸੇ ਤਨਖ਼ਾਹੀਏ ਨੂੰ ਛੋਟ ਦਿੱਤੀ ਜਾ ਸਕਦੀ ਹੈ?’ ਸਵਾਲ ਦੇ ਜਵਾਬ ਵਿੱਚ ਜਥੇਦਾਰ ਨੇ ਆਖਿਆ ਕਿ ਜਦੋਂ ਤੱਕ ਤਨਖ਼ਾਹੀਆ ਕਰਾਰ ਦਿੱਤਾ ਵਿਅਕਤੀ ਸ੍ਰੀ ਅਕਾਲ ਤਖ਼ਤ ਦੀ ਫਸੀਲ ਤੋਂ ਜਥੇਦਾਰਾਂ ਕੋਲੋਂ ਤਨਖ਼ਾਹ ਨਹੀਂ ਲਗਵਾ ਲੈਂਦਾ ਅਤੇ ਇਸ ਨੂੰ ਪੂਰੀ ਨਹੀਂ ਕਰ ਲੈਂਦਾ, ਉਹ ਤਨਖ਼ਾਹੀਆ  ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਤਨਖ਼ਾਹੀਏ ਦੀ ਇੱਕ ਪਰਿਭਾਸ਼ਾ ਹੈ ਅਤੇ ਇਸ ਪਰਿਭਾਸ਼ਾ ਦੇ ਘੇਰੇ  ਵਿੱਚ ਰਹਿਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਉਨ੍ਹਾਂ ਨੂੰ ਮਿਲਣ ਲਈ ਆਇਆ ਸੀ। ਉਨ੍ਹਾਂ ਇੱਕ ਮੰਗ ਪੱਤਰ ਵੀ ਦਿੱਤਾ ਹੈ, ਜਿਸ ਨੂੰ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਸੱਦ ਕੇ ਵਿਚਹਾਰਿਆ ਜਾਵੇਗਾ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਸੂਬੇ ਦੀ ‘ਆਪ’ ਸਰਕਾਰ ਅਤੇ ਹੋਰ ਸਰਕਾਰਾਂ ਨੂੰ ਆਖਿਆ ਕਿ ਸ਼੍ਰੋਮਣੀ ਕਮੇਟੀ ਜਾਂ ਹੋਰ ਧਾਰਮਿਕ ਕਾਰਜਾਂ ਵਿੱਚ ਦਖਲਅੰਦਾਜ਼ੀ ਨਾ ਕਰਨ ਬੀਤੀ ਸ਼ਾਮ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਦੋਸ਼ ਲਾਇਆ ਸੀ ਕਿ ‘ਆਪ’ ਸਰਕਾਰ ਦੇ ਵਿਧਾਇਕ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਫੋਨ ਰਾਹੀਂ ਆਖ ਰਹੇ ਹਨ ਕਿ 28 ਅਕਤੂਬਰ ਨੂੰ ਹੋਣ ਵਾਲੇ ਜਨਰਲ ਇਜਲਾਸ ਵਿੱਚ ਉਹ ਬੀਬੀ ਜਗੀਰ ਕੌਰ ਦੇ ਹੱਕ ਵਿੱਚ ਵੋਟ ਪਾਉਣ।

You must be logged in to post a comment Login