ਸੇਬੀ ਮੁਖੀ ਮਾਧਵੀ ਬੁੱਚ ਨੇ ਲੋਕ ਲੇਖਾ ਕਮੇਟੀ ਅੱਗੇ ਨਾ ਭਰੀ ਹਾਜ਼ਰੀ

ਸੇਬੀ ਮੁਖੀ ਮਾਧਵੀ ਬੁੱਚ ਨੇ ਲੋਕ ਲੇਖਾ ਕਮੇਟੀ ਅੱਗੇ ਨਾ ਭਰੀ ਹਾਜ਼ਰੀ

ਨਵੀਂ ਦਿੱਲੀ, 24 ਅਕਤੂਬਰ : ਸ਼ੇਅਰ ਬਾਜ਼ਾਰ ਦੇ ਨੇਮਬੰਦੀ ਅਦਾਰੇ ਸੇਬੀ ਦੀ ਮੁਖੀ ਮਾਧਵੀ ਪੁਰੀ ਬੁੱਚ (SEBI chairperson Madhabi Puri Buch) ਵੀਰਵਾਰ ਨੂੰ ਸੰਸਦ ਦੀ ਲੋਕ ਲੇਖਾ ਕਮੇਟੀ (Parliament’s Public Accounts Committee – PAC) ਅੱਗੇ ਪੇਸ਼ ਨਾ ਹੋਈ, ਜਿਸ ਕਾਰਨ ਕਮੇਟੀ ਦੇ ਮੁਖੀ ਕਾਂਗਰਸ ਦੇ ਕੇਸੀ ਵੇਣੂਗੋਪਾਲ ਨੂੰ ਮੀਟਿੰਗ ਮੁਲਤਵੀ ਕਰਨੀ ਪਈ। ਦੂਜੇ ਪਾਸੇ ਹਾਕਮ ਧਿਰ ਐੱਨਡੀਏ ਦੇ ਮੈਂਬਰਾਂ ਨੇ ਵੇਣੂਗੋਪਾਲ ਉਤੇ ‘ਇਕਪਾਸੜ’ ਫ਼ੈਸਲੇ ਲੈਣ ਦੇ ਦੋਸ਼ ਲਾਉਂਦਿਆਂ ਇਸ ਸਬੰਧੀ ਲੋਕ ਸਭਾ ਸਪੀਕਰ ਕੋਲ ਵਿਰੋਧ ਦਰਜ ਕਰਵਾਇਆ ਹੈ। ਵੇਣੂਗੋਪਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਮੇਟੀ ਨੂੰ ਸਵੇਰੇ 9.30 ਵਜੇ ਬੁੱਚ ਤੋਂ ਸੁਨੇਹਾ ਮਿਲਿਆ ਕਿ ਉਹ ਤੇ ਉਨ੍ਹਾਂ ਦੀ ਟੀਮ ‘ਜ਼ਰੂਰੀ’ ਰੁਝੇਵਿਆਂ ਕਾਰਨ ਕਮੇਟੀ ਅੱਗੇ ਅੱਜ ਪੇਸ਼ ਨਹੀਂ ਹੋ ਸਕਣਗੇ। ਵੇਣੂਗੋਪਾਲ ਨੇ ਬੁੱਚ ਦੇ ਇਸ ਫ਼ੈਸਲੇ ਨਾਲ ਅਸਹਿਮਤੀ ਜ਼ਾਹਰ ਕੀਤੀ ਅਤੇ ਕਿਹਾ ਕਿ ਸੇਬੀ ਮੁਖੀ ਨੇ ਪੇਸ਼ੀ ਤੋਂ ਛੋਟ ਦੀ ਆਪਣੀ ਬੇਨਤੀ ਖ਼ਾਰਜ ਕਰ ਦਿੱਤੇ ਜਾਣ ਤੋਂ ਬਾਅਦ ਅੱਜ ਕਮੇਟੀ ਅੱਗੇ ਹਾਜ਼ਰ ਹੋਣ ਦੀ ਪੁਸ਼ਟੀ ਕੀਤੀ ਸੀ।

You must be logged in to post a comment Login