ਖੇਤਾਂ ’ਚ ਦੀਵਾਲੀ ਦਾ ਦੀਵਾ ਬਾਲਣ ਗਿਆਂ ਬੁਝ ਗਿਆ ਘਰ ਦਾ ਚਿਰਾਗ਼

ਖੇਤਾਂ ’ਚ ਦੀਵਾਲੀ ਦਾ ਦੀਵਾ ਬਾਲਣ ਗਿਆਂ ਬੁਝ ਗਿਆ ਘਰ ਦਾ ਚਿਰਾਗ਼

ਭਵਾਨੀਗੜ੍ਹ, 1 ਨਵੰਬਰ- ਨੇੜਲੇ ਪਿੰਡ ਬਲਿਆਲ ਵਿਖੇ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆ ਕੇ ਇੱਕ ਲੜਕੇ ਵਾਰਸ਼ਦੀਪ ਸਿੰਘ (15) ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਦੁਰਘਟਨਾ ਵੀਰਵਾਰ ਸ਼ਾਮ ਨੂੰ ਵਾਪਰੀ ਹੈ। ਇਸ ਸਬੰਧੀ ਸਵਰਨ ਸਿੰਘ ਵਾਸੀ ਬਲਿਆਲ ਨੇ ਇੱਥੇ ਥਾਣੇ ਵਿੱਚ ਸ਼ਿਕਾਇਤ ਲਿਖਾਈ ਕਿ ਬੀਤੀ ਸ਼ਾਮ ਉਸ ਦਾ ਪੁੱਤਰ ਵਾਰਸ਼ਦੀਪ ਸਿੰਘ ਆਪਣੇ ਖੇਤ ਵਿੱਚ ਦੀਵੇ ਲਗਾ ਕੇ ਬਲਿਆਲ-ਭੱਟੀਵਾਲ ਕਲਾਂ ਸੜਕ ’ਤੇ ਪੈਦਲ ਚੱਲ ਕੇ ਘਰ ਨੂੰ ਆ ਰਿਹਾ ਸੀ ਕਿ ਕਿਸੇ ਨਾਮਾਲੂਮ ਵਾਹਨ ਦੇ ਚਾਲਕ ਨੇ ਉਸ ਵਿੱਚ ਟੱਕਰ ਮਾਰ ਦਿੱਤੀ। ਇਸ ਕਾਰਨ ਵਾਰਸ਼ਦੀਪ ਸਿੰਘ ਦੇ ਬਹੁਤ ਸੱਟਾਂ ਲੱਗੀਆਂ। ਉਸ ਨੇ ਦੱਸਿਆ ਕਿ ਵਾਰਸ਼ਦੀਪ ਸਿੰਘ ਨੂੰ ਭਵਾਨੀਗੜ੍ਹ ਹਸਪਤਾਲ ਲਿਜਾਇਆ ਗਿਆ, ਪਰ ਇਲਾਜ ਦੌਰਾਨ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਮੌਤ ਹੋ ਗਈ। ਥਾਣਾ ਮੁਖੀ ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨ ਅਨੁਸਾਰ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਗਮੀਤ ਸਿੰਘ ਭੋਲਾ ਸਰਪੰਚ ਬਲਿਆਲ ਨੇ ਦੱਸਿਆ ਕਿ ਲੜਕੇ ਦੀ ਮ੍ਰਿਤਕ ਦੇਹ ਦਾ ਅੱਜ ਬਹੁਤ ਗਮਗੀਨ ਮਾਹੌਲ ਵਿਚ ਸਸਕਾਰ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਨੌਵੀਂ ਜਮਾਤ ਵਿੱਚ ਪੜ੍ਹਦਾ ਵਾਰਸ਼ਦੀਪ ਸਿੰਘ ਦੋ ਭੈਣਾਂ ਦਾ ਛੋਟਾ ਇਕਲੌਤਾ ਭਰਾ ਸੀ।

You must be logged in to post a comment Login