ਟਰੰਪ-ਪੂਤਿਨ ਫੋਨ ਵਾਰਤਾ ਨੂੰ ‘ਕੋਰਾ ਝੂਠ’ ਦੱਸਦਿਆਂ ਰੂਸ ਵੱਲੋਂ ਅਮਰੀਕੀ ਮੀਡੀਆ ਰਿਪੋਰਟਾਂ ਖ਼ਾਰਜ

ਟਰੰਪ-ਪੂਤਿਨ ਫੋਨ ਵਾਰਤਾ ਨੂੰ ‘ਕੋਰਾ ਝੂਠ’ ਦੱਸਦਿਆਂ ਰੂਸ ਵੱਲੋਂ ਅਮਰੀਕੀ ਮੀਡੀਆ ਰਿਪੋਰਟਾਂ ਖ਼ਾਰਜ

ਮਾਸਕੋ, 11 ਨਵੰਬਰ- ਰੂਸ ਨੇ ਸੋਮਵਾਰ ਨੂੰ ਅਮਰੀਕੀ ਮੀਡੀਆ ਦੀਆਂ ਉਨ੍ਹਾਂ ਰਿਪੋਰਟਾਂ ਦਾ ਜ਼ੋਰਦਾਰ ਖੰਡਨ ਕੀਤਾ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਪਿਛਲੇ ਹਫ਼ਤੇ ਹੋਈ ਟਰੰਪ ਦੀ ਜਿੱਤ ਤੋਂ ਬਾਅਦ ਫੋਨ ‘ਤੇ ਗੱਲਬਾਤ ਕੀਤੀ ਹੈ। ਕ੍ਰੈਮਲਿਨ ਦੇ ਤਰਜਮਾਨ ਦਮਿਤਰੀ ਪੇਸਕੋਵ (Kremlin spokesman Dmitry Peskov) ਨੇ ਮਾਸਕੋ ਵਿੱਚ ਆਪਣੀ ਰੋਜ਼ਾਨਾ ਮੀਡੀਆ ਬ੍ਰੀਫਿੰਗ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਨੂੰ ਕਿਹਾ, ‘‘ਕੋਈ ਗੱਲਬਾਤ ਨਹੀਂ ਹੋਈ… ਇਹ ਪੂਰੀ ਤਰ੍ਹਾਂ ਝੂਠ ਹੈ, ਕੋਰੀ ਕਲਪਨਾ ਹੈ।” ਰੂਸੀ ਰਾਸ਼ਟਰਪਤੀ ਦੇ ਪ੍ਰੈਸ ਸਕੱਤਰ ਨੇ ਉਨ੍ਹਾਂ ਅਮਰੀਕੀ ਮੀਡੀਆ ਪ੍ਰਕਾਸ਼ਨਾਵਾਂ ਦੀ ਭਰੋਸੇਯੋਗਤਾ ‘ਤੇ ਵੀ ਸਵਾਲ ਉਠਾਏ ਹਨ ਜਿਨ੍ਹਾਂ ਨੇ ਇਸ ਤੋਂ ਪਹਿਲਾਂ ਦਿਨ ਵਿਚ ਦੋਵਾਂ ਆਗੂਆਂ ਦਰਮਿਆਨ ਕਥਿਤ ਗੱਲਬਾਤ ਦੀਆਂ ਰਿਪੋਰਟਾਂ ਨਸ਼ਰ ਕੀਤੀਆਂ ਸਨ। ਰੂਸੀ ਖ਼ਬਰ ਏਜੰਸੀ ਤਾਸ ਨੇ ਪੇਸਕੋਵ ਦੇ ਹਵਾਲੇ ਨਾਲ ਕਿਹਾ, ‘‘ਇਹ ਸਾਰਾ ਕੁਝ ਉਸ ਸੂਚਨਾ ਦੀ ਗੁਣਵੱਤਾ ਦੀ ਸਭ ਤੋਂ ਉੱਘੜਵੀਂ ਮਿਸਾਲ ਹੈ, ਜਿਹੜੀ ਅੱਜ-ਕੱਲ੍ਹ ਨਸ਼ਰ ਕੀਤੀ ਜਾ ਰਹੀ ਹੈ ਅਤੇ ਕਈ ਵਾਰ ਤਾਂ ਅਜਿਹਾ ਮੁਕਾਬਲਤਨ ਕਾਫ਼ੀ ਸਤਿਕਾਰਤ ਮੀਡੀਆ ਅਦਾਰਿਆਂ ਵੱਲੋਂ ਵੀ ਕੀਤਾ ਜਾਂਦਾ ਹੈ।’’

You must be logged in to post a comment Login