ਸੀਪੀਆਈ ਵੱਲੋਂ ਕਾਂਗਰਸੀ ਉਮੀਦਵਾਰ ਕਾਲਾ ਢਿੱਲੋਂ ਦੀ ਹਮਾਇਤ ਦਾ ਐਲਾਨ

ਸੀਪੀਆਈ ਵੱਲੋਂ ਕਾਂਗਰਸੀ ਉਮੀਦਵਾਰ ਕਾਲਾ ਢਿੱਲੋਂ ਦੀ ਹਮਾਇਤ ਦਾ ਐਲਾਨ

ਬਰਨਾਲਾ, 14 ਨਵੰਬਰ- ਬਰਨਾਲਾ ਜ਼ਿਮਨੀ ਚੋਣਾਂ ਦੇ ਭਖੇ ਅਖਾੜੇ ‘ਚ ਵੀਰਵਾਰ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਚੋਣ ਮੁਹਿੰਮ ਨੂੰ ਉਦੋਂ ਹੁਲਾਰਾ ਮਿਲਿਆ ਜਦ ਕਮਿਊਨਿਸਟ ਪਾਰਟੀ ਆਫ਼ ਇੰਡੀਆ (CPI) ਦੀ ਜ਼ਿਲ੍ਹਾ ਕਮੇਟੀ ਨੇ ਮੀਟਿੰਗ ਉਪਰੰਤ ਕਾਲਾ ਢਿੱਲੋਂ ਦੀ ਹਮਾਇਤ ਦਾ ਐਲਾਨ ਕਰ ਦਿੱਤਾ। ਸਥਾਨਕ ਬਾਬਾ ਅਰਜਣ ਸਿੰਘ ਭਦੌੜ ਯਾਦਗਾਰੀ ਭਵਨ ਵਿਖੇ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਖੁਸ਼ੀਆ ਸਿੰਘ ਦੀ ਅਗਵਾਈ ਹੇਠ ਪਾਰਟੀ ਦੀ ਜ਼ਿਲ੍ਹਾ ਬਾਡੀ ਦੀ ਮੀਟਿੰਗ ਹੋਈ, ਜਿਸ ਵਿੱਚ ਸਹਾਇਕ ਜਥੇਬੰਦੀਆਂ ਦੇ ਆਗੂ ਵੀ ਸ਼ਾਮਲ ਹੋਏ। ਦੱਸਣਯੋਗ ਹੈ ਕਿ ਭਾਵੇਂ ਕੌਮੀ ਪੱਧਰ ‘ਤੇ ਸੀਪੀਆਈ ‘ਇੰਡੀਆ’ ਗੱਠਜੋੜ ਦਾ ਹਿੱਸਾ ਹੈ ਪਰ ਇੱਥੇ ਸਥਾਨਕ ਪੱਧਰ ‘ਤੇ ਅਜੇ ਤੱਕ ਚੋਣ ਮੁਹਿੰਮ ‘ਚ ਤੁਰਨ ਦਾ ਕੋਈ ਫੈਸਲਾ ਨਹੀਂ ਸੀ ਹੋ ਸਕਿਆ, ਜੋ ਅੱਜ ਹੋਇਆ ਹੈ। ਚਲਦੀ ਮੀਟਿੰਗ ‘ ਚ ਕਾਂਗਰਸ ਉਮੀਦਵਾਰ ਕਾਲਾ ਢਿੱਲੋਂ ਪੁੱਜ ਗਏ ਤਾਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਕਾਮਰੇਡ ਖੁਸ਼ੀਆ ਸਿੰਘ ਨੇ ਕਿਹਾ ਕਿ ਕੌਮੀ ‘ਇੰਡੀਆ’ ਗੱਠਜੋੜ ਦੇ ਚਲਦਿਆਂ ਪਾਰਟੀ ਦੇ ਫ਼ੈਸਲੇ ਅਨੁਸਾਰ ਕਾਂਗਰਸੀ ਉਮੀਦਵਾਰ ਕਾਲਾ ਢਿੱਲੋਂ ਦੀ ਹਮਾਇਤ ਦਾ ਨਿਰਣਾ ਕੀਤਾ ਗਿਆ ਹੈ। ਇਸ ਮੌਕੇ ਕਾਲਾ ਢਿੱਲੋਂ ਨੇ ਉਨ੍ਹਾਂ ਦੀ ਹਮਾਇਤ ਦੇ ਫ਼ੈਸਲੇ ਸਬੰਧੀ ਪਾਰਟੀ ਦੀ ਜ਼ਿਲ੍ਹਾ ਕਮੇਟੀ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਜਿੱਤਣ ‘ਤੇ ਨਰੇਗਾ ਮਜ਼ਦੂਰਾਂ, ਕਾਮਿਆਂ ਤੇ ਸਮੂਹ ਕਿਰਤੀਆਂ ਦੀਆਂ ਮੰਗਾਂ ਨੂੰ ਵਿਧਾਨ ਸਭਾ ‘ਚ ਜ਼ੋਰਦਾਰ ਢੰਗ ਨਾਲ ਉਠਾਉਣਗੇ। ਕਾਲਾ ਢਿੱਲੋਂ ਨੇ ਇਹ ਵੀ ਕਿਹਾ ਕਿ ਸਮਾਜ ਦੇ ਨਪੀੜੇ ਹਿੱਸੇ ਦਲਿਤ ਗਰੀਬਾਂ ਨਾਲ ਕਿਸੇ ਕਿਸਮ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਕਿਉਂਕਿ ‘ਕਿਰਤੀ’ ਹੀ ਸਮਾਜ ਦੇ ਅਸਲ ਤੇ ਬੁਨਿਆਦੀ ਉਸਰੱਈਏ ਹੁੰਦੇ ਹਨ। ਉਨ੍ਹਾਂ ਕਾਂਗਰਸ ਪਾਰਟੀ ਨੂੰ ਗਰੀਬਾਂ ਦੀ ਹਮੇਸ਼ਾ ਹਮਦਰਦ ਦੱਸਦਿਆਂ ਇਹ ਵੀ ਚੇਤੇ ਕਰਵਾਇਆ ਕਿ ਉਨ੍ਹਾਂ ਪਾਰਟੀ ਕਾਂਗਰਸ ਨੇ ਹੀ ਮਜ਼ਦੂਰਾਂ ਲਈ ਰੁਜ਼ਗਾਰ ਗਰੰਟੀ ਵਾਲੀ ਸਭ ਤੋਂ ਵੱਡੀ ਪੇਂਡੂ ਖੇਤਰਾਂ ਵਿੱਚ ਦੇਸ਼ਵਿਆਪੀ ‘ਮਗਨਰੇਗਾ’ ਸਕੀਮ ਲਿਆਂਦੀ ਤੇ ਐਕਟ ਬਣਾ ਕੇ ਲਾਗੂ ਵੀ ਕੀਤੀ ਸੀ।

You must be logged in to post a comment Login