ਕਿਸਾਨਾਂ ਵੱਲੋਂ ਵਾਰੰਟ ਕਬਜ਼ਾ ਲੈਣ ਦਾ ਵਿਰੋਧ

ਕਿਸਾਨਾਂ ਵੱਲੋਂ ਵਾਰੰਟ ਕਬਜ਼ਾ ਲੈਣ ਦਾ ਵਿਰੋਧ

ਹਿਰਾਗਾਗਾ, 20 ਨਵੰਬਰ-ਇੱਥੋਂ ਨੇੜਲੇ ਪਿੰਡ ਸੰਗਤਪੁਰਾ ਵਿਚ ਨਹਿਰੀ ਵਿਭਾਗ ਵੱਲੋਂ ਨਿਲਾਮ ਕੀਤੇ ਨਹਿਰੀ ਕੋਠੀ ਵਾਲੇ ਰਕਬੇ ਦਾ ਮੁੜ ਤੋਂ ਕਬਜ਼ਾ ਲੈਣ ਲਈ ਕਈ ਵਾਰ ਕਬਜ਼ਾ ਵਾਰੰਟ ਲੈ ਕੇ ਜਾਇਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਅਜਿਹਾ ਕਰ ਕੇ ਰਕਬੇ ਦੇ ਖਰੀਦਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਥਾਂ ਦੇ ਖ਼ਰੀਦਦਾਰ ਦੀਪ‌ਇੰਦਰਪਾਲ ਸਿੰਘ ਨੇ ਦੱਸਿਆ ਕਿ ਅੱਜ ਦਾ ਵਾਰੰਟ ਕਬਜ਼ਾ ਪਹਿਲੀ ਦਫ਼ਾ ਨਹੀਂ ਸਗੋਂ ਵਿਭਾਗ ਵੱਲੋਂ ਪਹਿਲਾਂ ਵੀ 14-15 ਵਾਰ ਵਾਰੰਟ ਕਬਜ਼ਾ ਲੈ ਕੇ ਜ਼ਮੀਨ ਖੋਹਣ ਦੀ ਕੋਸ਼ਿਸ਼ ਕੀਤੀ ਗਈ ਹੈ ਪ੍ਰੰਤੂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਯਤਨ ਸਦਕਾ ਵਿਭਾਗ ਇਸ ਜ਼ਮੀਨ ਦਾ ਕਬਜ਼ਾ ਨਹੀਂ ਲੈ ਸਕਿਆ ਹੈ। ਉਨ੍ਹਾਂ ਦੱਸਿਆ ਕਿ ਵਾਰੰਟ ਕਬਜ਼ੇ ਸਬੰਧੀ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਅਗਾਊਂ ਜਾਣਕਾਰੀ ਦੇਣ ਦੀ ਥਾਂ ਮਹਿਜ਼ ਚਾਰ ਘੰਟੇ ਪਹਿਲਾਂ ਇਤਲਾਹ ਦਿੱਤੀ ਜਾਂਦੀ ਹੈ ਅਤੇ ਉਸ ਨੂੰ ਪਟਿਆਲਾ ਤੋਂ ਆਉਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਘੱਟੋ ਘੱਟ ਕਬਜ਼ੇ ਦੀ ਇਤਲਾਹ ਹਫਤਾ ਅਗਾਊਂ ਦਿੱਤੀ ਜਾਵੇ। ਉਨ੍ਹਾਂ ਕਿਹਾ ਉਹ ਵਿਭਾਗ ਦੀਆਂ ਸ਼ਰਤਾਂ ਅਨੁਸਾਰ ਬੋਲੀ ਦੀ ਸਾਰੀ ਰਕਮ ਦੇ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜ਼ਮੀਨ ਦੀ ਕੁੱਲ ਅਦਾਇਗੀ 13.51 ਦੀ ਸੀ, ਜਿਸ ਵਿਚੋਂ 6.80 ਲੱਖ ਰੁਪਏ ਇੱਕ ਅਤੇ 6਼71 ਲੱਖ ਦਾ ਚੈੱਕ ਦੇ ਚੁੱਕੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਵਿਭਾਗ ਦਾ ਕੋਈ ਹੋਰ ਪੈਸਾ ਉਨ੍ਹਾਂ ਵੱਲ ਨਿਕਲਦਾ ਹੈ ਤਾਂ ਉਹ ਵੀ ਅਦਾ ਕਰਨ ਲਈ ਤਿਆਰ ਹਨ।

You must be logged in to post a comment Login