ਵੈਨਕੂਵਰ, 5 ਦਸੰਬਰ : ਕੈਨੇਡੀਅਨ ਸੂਬੇ ਓਂਟਾਰੀਓ ’ਚ ਅਮਰੀਕਾ ਦੀ ਸਰਹੱਦ ਨਾਲ ਲੱਗਦੇ ਸ਼ਹਿਰ ਸਾਰਨੀਆ (Sarnia, Ontario) ਦੀ ਕੁਈਨਜ਼ ਰੋਡ ਸਥਿਤ ਇੱਕੋ ਘਰ ਵਿੱਚ ਨਾਲ ਰਹਿੰਦੇ ਵਿਅਕਤੀ ਵਲੋਂ ਬੀਤੇ ਦਿਨ ਪੰਜਾਬੀ ਨੌਜੁਆਨ ਦੀ ਹੱਤਿਆ ਕਰ ਦਿੱਤੀ ਗਈ। ਦੋਵੇਂ ਇੱਕ ਘਰ ’ਚ ਕਿਰਾਏ ‘ਤੇ ਰਹਿੰਦੇ ਸੀ। ਘਟਨਾ ਦਾ ਕਾਰਨ ਦੋਹਾਂ ‘ਚ ਕਿਸੇ ਮਾਮਲੇ ਨੂੰ ਲੈ ਕੇ ਮਾਮੂਲੀ ਤਕਰਾਰ ਹੋਣਾ ਦੱਸਿਆ ਗਿਆ ਹੈ।
ਮ੍ਰਿਤਕ ਨੌਜੁਆਨ ਦੀ ਪਛਾਣ ਗੁਰਅਸੀਸ ਸਿੰਘ (22) ਵਜੋਂ ਹੋਈ ਹੈ, ਜੋ ਲੁਧਿਆਣੇ ਦਾ ਰਹਿਣ ਵਾਲਾ ਸੀ ਤੇ ਬੀ ਟੈੱਕ ਕਰ ਕੇ ਉਚੇਰੀ ਪੜ੍ਹਾਈ ਲਈ ਕੁਝ ਮਹੀਨੇ ਪਹਿਲਾਂ ਹੀ ਕੈਨੇਡਾ ਪਹੁੰਚਾ ਸੀ। ਸਾਰਨੀਆ ਪੁਲੀਸ ਵਲੋਂ ਮ੍ਰਿਤਕ ਦੀ ਪਛਾਣ ਜਾਰੀ ਕਰਨ ਤੋਂ ਬਾਅਦ ਦੱਸਿਆ ਗਿਆ ਹੈ ਕਿ 35 ਸਾਲਾ ਹਤਿਆਰੇ ਕਰੌਸਲੀ ਹੰਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ’ਤੇ ਦੂਜਾ ਦਰਜਾ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ। ਪੁਲੀਸ ਨੇ ਕਤਲ ਦਾ ਸਪਸ਼ਟ ਕਾਰਨ ਤਾਂ ਜ਼ਾਹਰ ਨਹੀਂ ਕੀਤਾ, ਪਰ ਲਾਏ ਗਏ ਦੋਸ਼ ਸਾਬਤ ਕਰਦੇ ਹਨ ਕਿ ਕਤਲ ਮਿੱਥ ਕੇ ਨਹੀਂ ਕੀਤਾ ਗਿਆ ਤੇ ਇਹ ਦੋਹਾਂ ‘ਚ ਕਿਸੇ ਕਾਰਨ ਹੋਈ ਤਕਰਾਰ ਦਾ ਨਤੀਜਾ ਹੋ ਸਕਦਾ ਹੈ। ਗਵਾਂਢੀਆਂ ਨੇ ਪੁਲੀਸ ਨੂੰ ਦੱਸਿਆ ਕਿ ਉਨ੍ਹਾਂ ਨੇ ਦੋਹਾਂ ਨੂੰ ਕਈ ਵਾਰ ਇਕੱਠੇ ਜਾਂਦਿਆਂ ਵੇਖਿਆ ਸੀ। ਦੋਹਾਂ ਨੂੰ ਆਪਸ ਵਿਚ ਦੋਸਤ ਸਮਝਣ ਵਾਲੇ ਗਵਾਂਢੀ ਕਤਲ ਬਾਰੇ ਸੁਣ ਕੇ ਹੈਰਾਨ ਰਹਿ ਗਏ। ਗੁਰਅਸੀਸ ਲੈਂਬਟਨ ਕਾਲਜ ਦਾ ਵਿਦਿਆਰਥੀ ਸੀ ਤੇ ਇੰਜਨੀਰਿੰਗ ਦੀ ਉਚੇਰੀ ਪੜ੍ਹਾਈ ਕਰ ਰਿਹਾ ਸੀ। ਉਸ ਦੇ ਪਰਵਾਰ ਨੂੰ ਪੁੱਤਰ ਦੀ ਮੌਤ ਦਾ ਪਤਾ ਪੁਲੀਸ ਵਲੋੰ ਕੀਤੇ ਗਏ ਫੋਨ ਤੋਂ ਲੱਗਾ। ਪੁਲੀਸ ਅਨੁਸਾਰ ਗੁਰਅਸੀਸ ਦੇ ਸਰੀਰ ’ਤੇ ਕਈ ਡੂੰਘੇ ਜ਼ਖ਼ਮ ਸਨ, ਜੋ ਕਿਸੇ ਤਿੱਖੇ ਹਥਿਆਰ ਦੇ ਹੋ ਸਕਦੇ ਹਨ। ਪੁਲੀਸ ਡਾਕਟਰੀ ਰਿਪੋਰਟ ਤੋਂ ਬਾਅਦ ਹੋਰ ਦੋਸ਼ ਵੀ ਆਇਦ ਕਰ ਸਕਦੀ ਹੈ।
You must be logged in to post a comment Login