ਸ੍ਰੀ ਆਨੰਦਪੁਰ ਸਾਹਿਬ, 7 ਦਸੰਬਰ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਜੇ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਇਕਮੁੱਠ ਹੋ ਕੇ ਨਵੇਂ ਸਿਰੇ ਤੋਂ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣਦਾ ਹੈ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਕਿਉਂਕਿ ਮੁੱਢ ਤੋਂ ਹੀ ਜਦੋਂ ਨਵੇਂ ਪ੍ਰਧਾਨ ਦੀ ਚੋਣ ਹੁੰਦੀ ਤਾਂ ਉਹ ਹਮੇਸ਼ਾਂ ਤੋਂ ਹੀ ਸਰਵਪ੍ਰਵਾਨਤ ਪ੍ਰਧਾਨ ਹੁੰਦਾ ਹੈ।ਫਿਰ ਚਾਹੇ ਚੋਣ ਉਪਰੰਤ ਸੁਖਬੀਰ ਬਾਦਲ ਹੀ ਮੁੜ ਤੋਂ ਪ੍ਰਧਾਨ ਬਣਨ, ਅਸੀਂ ਸਾਰੇ ਪ੍ਰਵਾਨ ਕਰਾਂਗੇ। ਇਹ ਪ੍ਰਗਾਟਾਵਾ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲੱਗੀ ਤਨਖਾਹ ਅਨੁਸਾਰ ਸੇਵਾ ਕਰਨ ਲਈ ਪਹੁੰਚੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਕੀਤਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਸੀਨੀਅਰ ਆਗੂ ਹੋਣ ਦੇ ਨਾਤੇ ਸੁਖਦੇਵ ਸਿੰਘ ਢੀਂਡਸਾ ਦੀ ਇਹ ਵਿਸ਼ੇਸ਼ ਪਹਿਲਕਦਮੀ ਨੇ ਇੱਕ ਵਾਰ ਫਿਰ ਤੋਂ ਪਾਰਟੀ ਦੀਆਂ ਸਿਆਸੀ ਸਫਾਂ ਵਿੱਚ ਗਰਮਾਹਟ ਲਿਆ ਦਿੱਤੀ ਹੈ। ਢੀਂਡਸਾ ਨੇ ਸਪਸ਼ਟ ਸ਼ਬਦਾਂ ਵਿੱਚ ਮੰਨਿਆ ਕਿ ਜੇ ਨਵੀਂ ਚੋਣ ਉਪਰੰਤ ਮੁੜ ਤੋਂ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਦੇ ਹਨ ਤਾਂ ਉਹ ਸਾਨੂੰ ਸਾਰਿਆ ਨੂੰ ਹੀ ਮਨਜ਼ੂਰ ਹੋਣਗੇ ਅਤੇ ਨਾਮਨਜ਼ੂਰ ਹੋਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਇਥੇ ਢੀਂਡਸਾ ਜਥੇਦਾਰ ਅਕਾਲ ਤਖ਼ਤ ਵੱਲੋਂ ਬਾਗ਼ੀਆਂ ਤੇ ਦਾਗ਼ੀਆਂ ਦੇ ਇਕੱਠੇ ਹੋਣ ਵਾਲੇ ਹੁਕਮ ਬਾਰੇ ਟਿੱਪਣੀ ਦੇ ਰਹੇ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਰੂਪਨਗਰ ਦੇ ਅਕਾਲੀ ਆਗੂ ਭੁਪਿੰਦਰ ਸਿੰਘ ਬਜਰੂੜ ਵੀ ਹਾਜ਼ਰ ਸਨ।
You must be logged in to post a comment Login