ਉਗਰਾਹਾਂ ਵੱਲੋਂ ਤਾਲਮੇਲ ਵਾਲੇ ਸੰਘਰਸ਼ੀ ਐਕਸ਼ਨ ਦਾ ਐਲਾਨ

ਉਗਰਾਹਾਂ ਵੱਲੋਂ ਤਾਲਮੇਲ ਵਾਲੇ ਸੰਘਰਸ਼ੀ ਐਕਸ਼ਨ ਦਾ ਐਲਾਨ

ਬਰਨਾਲਾ, 16 ਦਸੰਬਰ : ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਵੱਲੋਂ ਸੰਯੁਕਤ ਕਿਸਾਨ ਮੋਰਚਾ SKM ਦੇ ਸੱਦੇ ਤਹਿਤ ਕੇਂਦਰੀ ਖੇਤੀ ਮੰਡੀਕਰਨ ਖਰੜੇ ਦੇ ਵਿਰੁੱਧ ਅਤੇ ਐੱਮਐੱਸਪੀ ਦੀ ਕਾਨੂੰਨੀ ਗਰੰਟੀ ਸਮੇਤ ਦਿੱਲੀ ਘੋਲ ਦੀਆਂ ਬਕਾਇਆ ਮੰਗਾਂ ਨੂੰ ਲੈ ਕੇ 23 ਦਸੰਬਰ ਨੂੰ ਪੰਜਾਬ ਭਰ ਵਿੱਚ ਜ਼ਿਲ੍ਹਾ ਕੇਂਦਰਾਂ ‘ਤੇ ਵਿਸ਼ਾਲ ਰੋਸ ਪ੍ਰਦਰਸ਼ਨਾਂ ਦੀ ਤਿਆਰੀ ਲਈ ਅੱਜ ਇੱਥੇ ਦਾਣਾ ਮੰਡੀ ਵਿਖੇ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਸੂਬਾ ਪੱਧਰੀ ਵਧਵੀਂ ਮੀਟਿੰਗ ਕੀਤੀ ਗਈ।   ਇਸ ਮੀਟਿੰਗ ਵਿੱਚ ਵੱਡੀ ਗਿਣਤੀ ਔਰਤਾਂ ਤੇ ਨੌਜਵਾਨਾਂ ਸਮੇਤ ਸੈਂਕੜਿਆਂ ਦੀ ਤਾਦਾਦ ਵਿੱਚ ਪਿੰਡ ਪੱਧਰ ਤੱਕ ਦੇ ਆਗੂ ਤੇ ਕਾਰਕੁਨ ਸ਼ਾਮਲ ਹੋਏ।  ਮੀਟਿੰਗ ਨੂੰ ਸੰਬੋਧਨ ਕਰਦਿਆਂ ਉਗਰਾਹਾਂ ਨੇ ਕਿਹਾ ਕਿ ਕੇਂਦਰ ਦਾ ਖੇਤੀ ਮੰਡੀਕਰਨ ਖਰੜਾ ਧੜੱਲੇ ਨਾਲ ਓਹੀ ਕਾਲੇ ਕਾਨੂੰਨ ਦੇਸ਼ ਭਰ ਦੇ ਕਿਸਾਨਾਂ ਉੱਤੇ ਮੜ੍ਹਨ ਦਾ ਸੰਦ ਹੈ, ਜਿਸ ਨੂੰ ਜੀਐੱਸਟੀ ਟੈਕਸਾਂ ਵਾਂਗ ਹੀ 15 ਦਿਨਾਂ ਵਿੱਚ ਰਾਜ ਸਰਕਾਰਾਂ ਦੀ ਰਸਮੀ ਪ੍ਰਵਾਨਗੀ ਹਿਤ ਜਾਰੀ ਕੀਤਾ ਗਿਆ ਹੈ। ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਸ ਖਰੜੇ ਨੂੰ ਕਾਨੂੰਨੀ ਰੂਪ ‘ਚ ਲਾਗੂ ਕਰਨ ਨਾਲ ਸੰਸਾਰ ਵਪਾਰ ਸੰਸਥਾ (WTO) ਦੀ ਕਾਰਪੋਰੇਟ ਪੱਖੀ ਖੁੱਲ੍ਹੀ ਮੰਡੀ ਨੀਤੀ ਮੜ੍ਹੀ ਜਾਵੇਗੀ ਤੇ ਫਸਲਾਂ ਕੌਡੀਆਂ ਦੇ ਭਾਅ ਲੁੱਟੀਆਂ ਜਾਣਗੀਆਂ।

You must be logged in to post a comment Login