1984 ਦੇ ਸਿੱਖ ਵਿਰੋਧੀ ਦੰਗਿਆਂ ਸਬੰਧੀ ਕੇਸ ’ਚ ਸੱਜਣ ਕੁਮਾਰ ਖ਼ਿਲਾਫ਼ ਫ਼ੈਸਲਾ ਟਲ਼ਿਆ

1984 ਦੇ ਸਿੱਖ ਵਿਰੋਧੀ ਦੰਗਿਆਂ ਸਬੰਧੀ ਕੇਸ ’ਚ ਸੱਜਣ ਕੁਮਾਰ ਖ਼ਿਲਾਫ਼ ਫ਼ੈਸਲਾ ਟਲ਼ਿਆ

ਨਵੀਂ ਦਿੱਲੀ, 16 ਦਸੰਬਰ- ਦਿੱਲੀ ਦੀ ਇੱਕ ਅਦਾਲਤ ਅਗਲੇ ਸਾਲ 8 ਜਨਵਰੀ ਨੂੰ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਵਿਰੁੱਧ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕੇਸ ਵਿੱਚ ਆਪਣਾ ਫੈਸਲਾ ਸੁਣਾ ਸਕਦੀ ਹੈ। ਵਿਸ਼ੇਸ਼ ਜੱਜ ਕਾਵੇਰੀ ਬਾਵੇਜਾ (Special Judge Kaveri Baweja) ਦੀ ਅਦਾਲਤ ਨੇ ਇਹ ਫ਼ੈਸਲਾ ਸੋਮਵਾਰ ਸੁਣਾਉਣਾ ਸੀ, ਪਰ ਅੱਜ ਉਨ੍ਹਾਂ ਇਹ ਕਾਰਵਾਈ ਮੁਲਵਤੀ ਕਰ ਦਿੱਤੀ। ਜੱਜ ਨੇ ਅੱਜ ਦੀ ਕਾਰਵਾਈ ਟਾਲਦਿਆਂ ਕਿਹਾ, “ਅਗਲੀ ਤਰੀਕ 8 ਜਨਵਰੀ ਹੈ।” ਮੁਲਜ਼ਮ ਸੱਜਣ ਕੁਮਾਰ, ਜੋ ਇਸ ਸਮੇਂ ਤਿਹਾੜ ਕੇਂਦਰੀ ਜੇਲ੍ਹ ਵਿੱਚ ਬੰਦ ਹੈ, ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਪੇਸ਼ ਹੋਇਆ। ਇਹ ਮਾਮਲਾ ਸਿੱਖ ਵਿਰੋਧੀ ਦੰਗਿਆਂ ਦੌਰਾਨ ਸਰਸਵਤੀ ਵਿਹਾਰ ਇਲਾਕੇ ਵਿੱਚ ਦੋ ਵਿਅਕਤੀਆਂ ਦੀਆਂ ਕਥਿਤ ਹੱਤਿਆਵਾਂ ਨਾਲ ਸਬੰਧਤ ਹੈ।

ਅਦਾਲਤ ਨੇ 1 ਨਵੰਬਰ, 1984 ਨੂੰ ਜਸਵੰਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਤਰੁਣਦੀਪ ਸਿੰਘ ਦੀਆਂ ਹੱਤਿਆਵਾਂ ਨਾਲ ਸਬੰਧਤ ਮਾਮਲੇ ਵਿੱਚ ਅੰਤਿਮ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਰਾਖਵਾਂ ਰੱਖ ਲਿਆ ਸੀ। ਹਾਲਾਂਕਿ ਪੰਜਾਬੀ ਬਾਗ ਪੁਲੀਸ ਸਟੇਸ਼ਨ ਨੇ ਸ਼ੁਰੂ ਵਿੱਚ ਕੇਸ ਦਰਜ ਕੀਤਾ ਸੀ, ਪਰ ਬਾਅਦ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ ਨੇ ਜਾਂਚ ਆਪਣੇ ਹੱਥ ਵਿੱਚ ਲੈ ਲਈ।  ਅਦਾਲਤ ਨੇ ਤਿੰਨ ਸਾਲ ਪਹਿਲਾਂ 16 ਦਸੰਬਰ, 2021 ਨੂੰ ਸੱਜਣ ਕੁਮਾਰ ਵਿਰੁੱਧ ਦੋਸ਼ ਤੈਅ ਕੀਤੇ, ਜਿਸ ਵਿੱਚ ਉਸ ਨੂੰ ‘ਪਹਿਲੀ ਨਜ਼ਰ’ ਦੋਸ਼ੀ ਪਾਇਆ ਗਿਆ ਸੀ।

You must be logged in to post a comment Login