ਅੱਗ ਨਾਲ ਖੇਡ ਰਿਹੈ ਅਮਰੀਕਾ: ਚੀਨ

ਅੱਗ ਨਾਲ ਖੇਡ ਰਿਹੈ ਅਮਰੀਕਾ: ਚੀਨ

ਪੇਈਚਿੰਗ: ਚੀਨ ਸਰਕਾਰ ਨੇ ਅਮਰੀਕਾ ਵੱਲੋਂ ਤਾਇਵਾਨ ਨੂੰ ਫੌਜੀ ਸਾਜ਼ੋ-ਸਾਮਾਨ ਦੀ ਵਿਕਰੀ ਅਤੇ ਸਹਾਇਤਾ ਦੇਣ ਸਬੰਧੀ ਕੀਤੇ ਤਾਜ਼ਾ ਐਲਾਨ ’ਤੇ ਅੱਜ ਰੋਸ ਜ਼ਾਹਿਰ ਕੀਤਾ ਹੈ। ਉਸ ਨੇ ਅਮਰੀਕਾ ਨੂੰ ਚਿਤਾਵਨੀ ਦਿੰਦਿਆਂ ਕਿਹਾ, ‘‘ਉਹ ਅੱਗ ਨਾਲ ਖੇਡ ਰਿਹਾ ਹੈ।’’ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸ਼ਨਿਚਰਵਾਰ ਨੂੰ ਰੱਖਿਆ ਨਾਲ ਜੁੜਿਆ ਸਾਜ਼ੋ-ਸਾਮਾਨ ਅਤੇ ਸੇਵਾਵਾਂ ਤੇ ਤਾਇਵਾਨ ਵਾਸਤੇ ਫੌਜੀ ਸਿੱਖਿਆ ਅਤੇ ਸਿਖਲਾਈ ਲਈ 57 ਕਰੋੜ ਦਸ ਲੱਖ ਡਾਲਰ ਤੱਕ ਦੀ ਤਜਵੀਜ਼ ਨੂੰ ਮਨਜ਼ੂਰੀ ਦਿੱਤੀ ਹੈ। ਇਸ ਤੋਂ ਇਲਾਵਾ ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਫੌਜੀ ਸਹਾਇਤਾ ਲਈ 29 ਕਰੋੜ 50 ਲੱਖ ਅਮਰੀਕੀ ਡਾਲਰ ਮਨਜ਼ੂਰ ਕੀਤੇ ਗਏ ਹਨ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਇੱਕ ਬਿਆਨ ਵਿੱਚ ਅਮਰੀਕਾ ਨੂੰ ਤਾਇਵਾਨ ਨੂੰ ਹਥਿਆਰ ਦੇਣਾ ਬੰਦ ਕਰਨ ਅਤੇ ਤਾਇਵਾਨ ਦੇ ਪਾਣੀਆਂ ਵਿੱਚ ਸ਼ਾਂਤੀ ਅਤੇ ਸਥਿਰਤਾ ਨੂੰ ਕਮਜ਼ੋਰ ਕਰਨ ਵਾਲੇ ਖ਼ਤਰਨਾਕ ਕਦਮ ਨੂੰ ਰੋਕਣ ਦੀ ਅਪੀਲ ਕੀਤੀ ਗਈ ਹੈ। ਚੀਨ ਸਰਕਾਰ ਤਾਇਵਾਨ ’ਤੇ ਆਪਣਾ ਦਾਅਵਾ ਜਤਾਉਂਦੀ ਹੈ।

You must be logged in to post a comment Login