ਕੋਵਿਡ ਵੈਕਸੀਨ ਵਿਰੋਧੀ ਪੋਸਟਾਂ ਰੋਕਣ ਲਈ ਬਾਇਡਨ ਪ੍ਰਸ਼ਾਸਨ ਨੇ ਪਾਇਆ ਸੀ ਦਬਾਅ: ਜ਼ਕਰਬਰਗ

ਕੋਵਿਡ ਵੈਕਸੀਨ ਵਿਰੋਧੀ ਪੋਸਟਾਂ ਰੋਕਣ ਲਈ ਬਾਇਡਨ ਪ੍ਰਸ਼ਾਸਨ ਨੇ ਪਾਇਆ ਸੀ ਦਬਾਅ: ਜ਼ਕਰਬਰਗ

ਵਾਸ਼ਿੰਗਟਨ, 12 ਜਨਵਰੀ- ਮੇਟਾ ਦੇ ਸੀਈਓ ਮਾਰਕ ਜ਼ਕਰਬਰਗ ਨੇ ਖ਼ੁਲਾਸਾ ਕੀਤਾ ਹੈ ਕਿ ਬਾਇਡਨ ਪ੍ਰਸ਼ਾਸਨ ਨੇ ਕੋਵਿਡ-19 ਵੈਕਸੀਨ ਖ਼ਿਲਾਫ਼ ਸਮੱਗਰੀ ਨੂੰ ਫੇਸਬੁੱਕ ’ਤੇ ਰੋਕਣ ਲਈ ਉਨ੍ਹਾਂ ਉਪਰ ਦਬਾਅ ਪਾਇਆ ਸੀ। ਜ਼ਕਰਬਰਗ ਨੇ ਜੋਅ ਰੋਗਨ ਪੌਡਕਾਸਟ ਦੌਰਾਨ ਇਹ ਬਿਆਨ ਦਿੱਤਾ। ਇੰਟਰਵਿਊ ਦੌਰਾਨ ਜ਼ਕਰਬਰਗ ਨੇ ਸਰਕਾਰੀ ਸੈਂਸਰਸ਼ਿਪ ਦੇ ਮੁੱਦੇ ’ਤੇ ਕਿਹਾ, ‘‘ਬਾਇਡਨ ਪ੍ਰਸ਼ਾਸਨ ਜਦੋਂ ਵੈਕਸੀਨ ਲਾਂਚ ਕਰਨ ਵਾਲਾ ਸੀ ਤਾਂ ਉਨ੍ਹਾਂ ਇਸ ਦਾ ਵਿਰੋਧ ਕਰਨ ਵਾਲਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਸਾਡੇ ’ਤੇ ਵੈਕਸੀਨ ਵਿਰੋਧੀ ਸਮੱਗਰੀ ਸੋਸ਼ਲ ਮੀਡੀਆ ਤੋਂ ਹਟਾਉਣ ਲਈ ਭਾਰੀ ਦਬਾਅ ਪਾਇਆ। ਸਾਨੂੰ ਆਖਿਆ ਗਿਆ ਕਿ ਜੋ ਕੋਈ ਵੀ ਵੈਕਸੀਨ ਦੇ ਮਾੜੇ ਅਸਰ ਪੈਣ ਦੀ ਗੱਲ ਕਰਦਾ ਹੈ ਤਾਂ ਉਸ ਸਮੱਗਰੀ ਨੂੰ ਹਟਾ ਲਿਆ ਜਾਵੇ ਪਰ ਮੈਂ ਸਪੱਸ਼ਟ ਆਖ ਦਿੱਤਾ ਕਿ ਅਸੀਂ ਇੰਜ ਨਹੀਂ ਕਰਾਂਗੇ।’’ ਜ਼ਕਰਬਰਗ ਨੇ ਕਿਹਾ ਕਿ ਬਾਇਡਨ ਨੇ ਇਹ ਵੀ ਆਖਿਆ ਸੀ ਕਿ ਸੋਸ਼ਲ ਮੀਡੀਆ ਲੋਕਾਂ ਦੀ ਹੱਤਿਆ ਕਰ ਰਿਹਾ ਹੈ ਕਿਉਂਕਿ ਫੇਸਬੁੱਕ ਨੇ ਵੈਕਸੀਨ ਦੇ ਵਿਰੋਧ ਵਾਲੀ ਸਮੱਗਰੀ ਹਟਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਮਗਰੋਂ ਸਰਕਾਰੀ ਏਜੰਸੀਆਂ ਕੰਪਨੀ ਦੇ ਮਗਰ ਪੈ ਗਈਆਂ ਸਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਸੀ। ਜ਼ਕਰਬਰਗ ਨੇ ਕਿਹਾ ਕਿ ਜਾਂਚ ਦੌਰਾਨ ਭਾਵੇਂ ਉਨ੍ਹਾਂ ਸਾਰੇ ਦਸਤਾਵੇਜ਼ ਸੌਂਪੇ ਸਨ ਪਰ ਫਿਰ ਵੀ ਬਾਇਡਨ ਪ੍ਰਸ਼ਾਸਨ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਨੂੰ ਫੋਨ ਕਰਕੇ ਗਾਲ੍ਹਾਂ ਕੱਢਦਾ ਸੀ।

You must be logged in to post a comment Login