ਸਿਲੰਡਰ ’ਚ ਧਮਾਕੇ ਮਗਰੋਂ ਮਹਾਂਕੁੰਭ ’ਚ ਅੱਗ ਲੱਗੀ

ਸਿਲੰਡਰ ’ਚ ਧਮਾਕੇ ਮਗਰੋਂ ਮਹਾਂਕੁੰਭ ’ਚ ਅੱਗ ਲੱਗੀ

ਯਾਗਰਾਜ, 20 ਜਨਵਰੀ-ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ’ਚ ਚੱਲ ਰਹੇ ਮਹਾਂਕੁੰਭ ਮੇਲੇ ਦੇ ਸੈਕਟਰ-19 ਵਿੱਚ ਅੱਜ ਸਿਲੰਡਰ ਫਟਣ ਕਾਰਨ ਅੱਗ ਲੱਗ ਗਈ ਜਿਸ ਕਾਰਨ 18 ਟੈਂਟ ਸੜ ਗਏ। ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ’ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਕੁੰਭ ਮੇਲੇ ਦੇ ਮੁੱਖ ਫਾਇਰ ਬ੍ਰਿਗੇਡ ਅਧਿਕਾਰੀ ਪ੍ਰਮੋਦ ਸ਼ਰਮਾ ਨੇ ਦੱਸਿਆ ਕਿ ਅੱਗ ਨੇ 18 ਤੰਬੂ ਆਪਣੀ ਲਪੇਟ ’ਚ ਲੈ ਲਏ ਹਨ। ਉਨ੍ਹਾਂ ਦੱਸਿਆ ਕਿ ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 15 ਗੱਡੀਆਂ ਮੌਕੇ ’ਤੇ ਹਨ। ਉਨ੍ਹਾਂ ਕਿਹਾ ਕਿ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਅਤੇ ਸਥਿਤੀ ਕਾਬੂ ਹੇਠ ਹੈ। ਇਸ ਤੋਂ ਪਹਿਲਾਂ ਮਹਾਂਕੁੰਭ ਨਗਰ ਦੇ ਅਖਾੜਾ ਥਾਣੇ ਦੇ ਇੰਚਾਰਜ ਭਾਸਕਰ ਮਿਸ਼ਰਾ ਨੇ ਦੱਸਿਆ ਕਿ ਮਹਾਂਕੁੰਭ ਮੇਲੇ ਦੇ ਸੈਕਟਰ-19 ’ਚ ਦੋ ਐੱਲਪੀਜੀ ਸਿਲੰਡਰ ਫਟ ਗਏ ਜਿਸ ਨਾਲ ਤੰਬੂਆਂ ’ਚ ਭਿਆਨਕ ਅੱਗ ਲੱਗ ਗਈ। ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਕਲਿੱਪ ਵੀ ਸਾਂਝੀ ਕੀਤੀ ਗਈ ਹੈ ਜਿਸ ’ਚ ਪ੍ਰਭਾਵਿਤ ਖੇਤਰ ਤੋਂ ਕਾਲੇ ਧੂੰਏਂ ਦਾ ਗੁਬਾਰ ਉੱਠਦਾ ਦਿਖਾਈ ਦੇ ਰਿਹਾ ਹੈ। ਇਸੇ ਦੌਰਾਨ ਸਮਾਜਵਾਦੀ ਪਾਰਟੀ ਨੇ ਘਟਨਾ ’ਤੇ ਦੁੱਖ ਜ਼ਾਹਿਰ ਕਰਦਿਆਂ ਸਰਕਾਰ ਨੂੰ ਤੁਰੰਤ ਰਾਹਤ ਤੇ ਬਚਾਅ ਕਾਰਜ ਚਲਾਉਣ ਲਈ ਕਿਹਾ। ਜ਼ਿਕਰਯੋਗ ਹੈ ਕਿ ਮਹਾਕੁੰਭ 2025 ਦੀ ਸ਼ੁਰੂਆਤ 13 ਜਨਵਰੀ ਨੂੰ ਪੋਹ ਦੀ ਪੁੰਨਿਆ ਮੌਕੇ ਹੋਈ ਅਤੇ ਇਹ 26 ਫਰਵਰੀ ਤੱਕ ਚੱਲੇਗਾ। ਪ੍ਰਾਪਤ ਅਧਿਕਾਰਤ ਅੰਕੜਿਆਂ ਅਨੁਸਾਰ 7.72 ਕਰੋੜ ਤੋਂ ਵੱਧ ਲੋਕਾਂ ਨੇ ਸੰਗਮ ’ਚ ਇਸ਼ਨਾਨ ਕੀਤਾ ਹੈ। ਅਧਿਕਾਰੀਆਂ ਅਨੁਸਾਰ ਇਕੱਲੇ ਅੱਜ ਹੀ 46.95 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਪਵਿੱਤਰ ਸੰਗਮ ’ਚ ਡੁਬਕੀ ਲਾਈ ਹੈ।

You must be logged in to post a comment Login