ਮੁੁੰਬਈ, 20 ਜਨਵਰੀ- ਬੌਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ’ਤੇ ਕਥਿਤ ਚਾਕੂ ਨਾਲ ਵਾਰ ਕਰਨ ਵਾਲੇ ਬੰਗਲਾਦੇਸ਼ੀ ਨਾਗਰਿਕ ਮੁਹੰਮਦ ਸ਼ਰੀਫ਼ੁਲ ਇਸਲਾਮ ਸ਼ਹਿਜ਼ਾਦ ਨੇ ਪੁਲੀਸ ਨੂੰ ਦੱਸਿਆ ਹੈ ਕਿ ਉਹ ਭਾਰਤ ਆਉਣ ਤੋਂ ਪਹਿਲਾਂ ਬੰੰਗਲਾਦੇਸ਼ ਵਿਚ ਕੌਮੀ ਪੱਧਰ ਦਾ ਪਹਿਲਵਾਨ ਸੀ। ਸ਼ਹਿਜ਼ਾਦ ਨੇ ਸੈਫ਼ ਦੇ ਘਰ ਨੂੰ ਨਿਸ਼ਾਨਾ ਬਣਾਉਣ ਤੋਂ ਪਹਿਲਾਂ ਸ਼ਾਹਰੁਖ਼ ਖ਼ਾਨ ਦੀ ਰਿਹਾਇਸ਼ ‘ਮੰਨਤ’ ਸਣੇ ਹੋਰਨਾਂ ਨਾਮੀ ਹਸਤੀਆਂ ਦੇ ਘਰਾਂ ਦੀ ਵੀ ਰੇਕੀ ਕੀਤੀ ਸੀ। ਹਾਲਾਂਕਿ ਸ਼ਾਹਰੁਖ ਦੇ ਘਰ ਦੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਤੇ ਉੱਚੀਆਂ ਕੰਧਾਂ ਦੇਖ ਕੇ ਉਸ ਨੇ ਇਰਾਦਾ ਤਿਆਗ ਦਿੱਤਾ। ਇਸ ਦੌਰਾਨ ਪੁਲੀਸ ਨੇ ਸ਼ਹਿਜ਼ਾਦ ਨੂੰ ਹੋਰ ਪੁੱਛ ਪੜਤਾਲ ਅਤੇ ਜਾਂਚ ਲਈ ਸਾਂਤਾਕਰੂਜ਼ ਪੁਲੀਸ ਥਾਣੇ ਤੋਂ ਬਾਂਦਰਾ ਪੁਲੀਸ ਥਾਣੇ ਤਬਦੀਲ ਕੀਤਾ ਹੈ।
ਸੂਤਰਾਂ ਨੇ ਦਾਅਵਾ ਕੀਤਾ ਕਿ ਸ਼ਹਿਜ਼ਾਦ ਨੇ ਪੁੱਛ ਪੜਤਾਲ ਦੌਰਾਨ ਦੱਸਿਆ ਕਿ ਉਹ ਬੰਗਲਾਦੇਸ਼ ਵਿਚ ਜ਼ਿਲ੍ਹਾ ਤੇ ਕੌਮੀ ਪੱਧਰ ਦੀਆਂ ਕੁਸ਼ਤੀ ਚੈਂਪੀਅਨਸ਼ਿਪਾਂ ਵਿਚ ਹੇਠਲੇ ਭਾਰ ਵਰਗ ਵਿਚ ਖੇਡਦਾ ਰਿਹਾ ਹੈ। ਸੂਤਰਾਂ ਮੁਤਾਬਕ ਸ਼ਹਿਜ਼ਾਦ ਨੇ ਦਾਅਵਾ ਕੀਤਾ ਕਿ ਉਸ ਦੇ ਕੁਸ਼ਤੀ ਪਿਛੋਕੜ ਕਰਕੇ ਹੀ ਸੈਫ ਅਲੀ ਖਾਨ ’ਤੇ ਕੀਤੇ ਹਮਲੇ ਦੌਰਾਨ ਉਸ ਦੇ ਕਿਤੇ ਕੋਈ ਸੱਟ ਫੇਟ ਨਹੀਂ ਲੱਗੀ। ਹਮਲੇ ਮਗਰੋਂ ਸ਼ਹਿਜ਼ਾਦ ਨੇ ਖੁ਼ਦ ਨੂੰ ਪੁਲੀਸ ਤੋਂ ਬਚਾਉਣ ਲਈ ਤਿੰਨ ਤੋਂ ਚਾਰ ਵਾਰ ਆਪਣੇ ਕੱਪੜੇ ਬਦਲੇ। ਉਹ ਬਾਂਦਰਾ ਤੋਂ ਦਾਦਰ, ਵਰਲੀ, ਅੰਧੇਰੀ ਵਿਚ ਘੁੰਮਦਾ ਰਿਹਾ ਤੇ ਅਖੀਰ ਵਿਚ ਠਾਣੇ ਪੁੱਜਾ। ਘਟਨਾ ਤੋਂ ਅਗਲੇ ਦਿਨ, ਉਹ ਦਾਦਰ ਵਾਪਸ ਆਇਆ, ਲਗਾਤਾਰ ਘੁੰਮਦਾ ਰਿਹਾ, ਜਿਸ ਕਾਰਨ ਪੁਲੀਸ ਲਈ ਉਸ ਨੂੰ ਲੱਭਣਾ ਮੁਸ਼ਕਲ ਹੋ ਗਿਆ। ਸ਼ਹਿਜ਼ਾਦ ਸਤੰਬਰ ਵਿੱਚ ਮੁੰਬਈ ਆਇਆ ਸੀ ਅਤੇ ਸ਼ੁਰੂ ਵਿੱਚ ਇੱਕ ਹਾਊਸਕੀਪਿੰਗ ਕੰਪਨੀ ਰਾਹੀਂ ਇੱਕ ਹੋਟਲ ਵਿੱਚ ਕੰਮ ਕਰਦਾ ਸੀ।
You must be logged in to post a comment Login