ਅਮਰੀਕਾ ਦੇ ਦੇਸ਼ ਨਿਕਾਲੇ ਨੇ ਚਕਨਾਚੂਰ ਕੀਤੇ ਚੰਗੇ ਭਵਿੱਖ ਦੇ ਸੁਪਨੇ

ਅਮਰੀਕਾ ਦੇ ਦੇਸ਼ ਨਿਕਾਲੇ ਨੇ ਚਕਨਾਚੂਰ ਕੀਤੇ ਚੰਗੇ ਭਵਿੱਖ ਦੇ ਸੁਪਨੇ

ਭੁਲੱਥ, 6 ਫਰਵਰੀ- ਗ਼ੈਰਕਾਨੂੰਨੀ ਪਰਵਾਸ ਦੇ ਦੋਸ਼ ਤਹਿਤ ਅਮਰੀਕਾ ਵੱਲੋਂ ਦਿੱਤੇ ਗਏ ਦੇਸ਼ ਨਿਕਾਲੇ ਪਿੱਛੋਂ ਬੀਤੇ ਦਿਨ ਵਤਨ ਪਰਤੇ ਭਾਰਤੀਆਂ ਦੇ ਚੰਗੇ ਭਵਿੱਖ ਦੇ ਸੁਪਨੇ ਹੀ ਚਕਨਾਚੂਰ ਨਹੀਂ ਹੋਏ, ਸਗੋਂ ਉਹ ਆਰਥਿਕ ਤੌਰ ’ਤੇ ਵੀ ਬੁਰੀ ਤਰ੍ਹਾਂ ਲੁੱਟੇ-ਪੁੱਟੇ ਗਏ ਹਨ। ਮਾਨਸਿਕ ਤੌਰ ’ਤੇ ਭਾਰੀ ਦਰਦ ਤੇ ਤਣਾਅ ਦਾ ਸਾਹਮਣਾ ਕਰਦੇ ਇਨ੍ਹਾਂ ਲੋਕਾਂ ਦੀ ਸਰਕਾਰਾਂ ਵੱਲੋਂ ਆਰਥਿਕ ਤੌਰ ’ਤੇ ਬਾਹ ਫੜੇ ਜਾਣ ਤੇ ਪੀੜਤਾਂ ਦੇ ਮੁੜਵਸੇਬੇ ਲਈ ਨੌਕਰੀਆਂ ਆਦਿ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ‌ਪਿੰਡ ਭਦਾਸ ਦੀ ਵਾਸੀ ਲਵਪ੍ਰੀਤ ਕੌਰ ਆਪਣੇ ਨਬਾਲਗ ਲੜਕੇ ਪ੍ਰਭਜੋਤ ਨੂੰ ਨਾਲ ਲੈ ਕੇ ਬੀਤੀ 2 ਜਨਵਰੀ ਨੂੰ ਆਪਣੇ ਅਮਰੀਕਾ ਰਹਿੰਦੇ ਪਤੀ ਨਾਲ ਇੱਕਠੇ ਰਹਿਣ ਦਾ ਸੁਪਨਾ ਲੈ ਕੇ ਦੁਬਈ ਦੀ ਫਲਾਈਟ ’ਤੇ ਗਈ ਸੀ। ਉਹ ਮਾਸਕੋ ਤੋਂ ਲਾਤੀਨੀ ਅਮਰੀਕਾ ਦੇ ਮੁਲਕਾਂ ਥਾਣੀ ਹੁੰਦੀ ਹੋਈ 25 ਜਨਵਰੀ ਨੂੰ ਮੈਕਸੀਕੋ ਤੋਂ ਅਮਰੀਕਾ ਦਾਖ਼ਲ ਹੋਈ ਸੀ, ਪਰ ਅਮਰੀਕੀ ਪੁਲੀਸ ਵਲੋਂ ਉਸ ਨੂੰ ਫੜ ਲਿਆ ਗਿਆ। ਫਿਰ ਬਿਨਾਂ ਕਿਸੇ ਸੁਣਵਾਈ ਦੇ ਹੱਥੀਂ ਹਥਕੜੀਆਂ ਤੇ ਪੈਰਾਂ ਨੂੰ ਬੇੜੀਆਂ ਪਾ ਕੇ ਭਾਰਤ ਦੇ ਜਹਾਜ਼ ਵਿਚ ਬਿਠਾ ਦਿੱਤਾ ਗਿਆ। ਪਿੰਡ ਭਦਾਸ ਦੇ ਸਰਪੰਚ ਨਿਸ਼ਾਨ ਸਿੰਘ ਮੁਤਾਬਕ ਇਕ ਕਰੋੜ ਪੰਜ ਲੱਖ ਰੁਪਏ ਲਵਪ੍ਰੀਤ ਦੇ ਪਤੀ ਵਲੋਂ ਏਜੰਟਾਂ ਨੂੰ ਦਿਤੇ ਗਏ ਹਨ। ਨਿਸ਼ਾਨ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਕੋਲ ਛੇ ਏਕੜ ਖੇਤੀਬਾੜੀ ਵਾਲੀ ਜ਼ਮੀਨ ਹੈ ਤੇ ਉਸ ’ਤੇ ਕਰਜ਼ਾ ਲਿਆ ਹੈ, ਜਿਸ ਕਾਰਨ ਪਰਿਵਾਰ ਮਾਨਸਿਕ ਅਤੇ ਆਰਥਿਕ ਤੌਰ ’ਤੇ ਸਦਮੇ ਵਿਚ ਹੈ। ਲਵਪ੍ਰੀਤ ਦੇ ਪਰਿਵਾਰ ਦੇ ਮੈਂਬਰ ਬਲਜਿੰਦਰ ਸਿੰਘ ਨੇ ਕਿਹਾ, ‘‘ਸਾਨੂੰ ਨਹੀਂ ਪਤਾ ਸਾਰਾ ਕੁਝ ਕਿਵੇਂ ਹੋਇਆ ਹੈ।’’ ਉਨ੍ਹਾਂ ਸੋਸ਼ਲ ਮੀਡੀਆ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਜ਼ਿਆਦਾ ਪ੍ਰੇਸ਼ਾਨ ਨਾ ਕੀਤਾ ਜਾਵੇ । ਲਵਪ੍ਰੀਤ ਦੀ ਇਕ ਹੋਰ ਪਰਿਵਾਰਕ ਜੀਅ ਸੁਮਨ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਏਜੰਟਾਂ ਬਾਰੇ ਜਾਣਕਾਰੀ ਨਹੀਂ। ਇਸ ਸਭ ਕੁਝ ਦਾ ਪਤਾ ਲਵਪ੍ਰੀਤ ਦੇ ਅਮਰੀਕਾ ਰਹਿੰਦੇ ਪਤੀ ਨੂੰ ਹੋਵੇਗਾ।

You must be logged in to post a comment Login