ਕੇਜਰੀਵਾਲ ਵੱਲੋਂ ਕਪੂਰਥਲਾ ਹਾਊਸ ’ਚ ਪੰਜਾਬ ਦੇ ਵਿਧਾਇਕਾਂ ਨਾਲ ਬੈਠਕ, ਘੜਨਗੇ ਨਵੀਂ ਰਣਨੀਤੀ

ਕੇਜਰੀਵਾਲ ਵੱਲੋਂ ਕਪੂਰਥਲਾ ਹਾਊਸ ’ਚ ਪੰਜਾਬ ਦੇ ਵਿਧਾਇਕਾਂ ਨਾਲ ਬੈਠਕ, ਘੜਨਗੇ ਨਵੀਂ ਰਣਨੀਤੀ

ਨਵੀਂ ਦਿੱਲੀ, 11 ਫਰਵਰੀ- ਦਿੱਲੀ ਅਸੈਂਬਲੀ ਚੋਣਾਂ ਵਿਚ ਆਮ ਆਦਮੀ ਪਾਰਟੀ (ਆਪ) ਦੀ ਹਾਰ ਤੋਂ ਬਾਅਦ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਕਪੂਰਥਲਾ ਹਾਊਸ ਵਿਚ ਸੱਦੀ ਬੈਠਕ ਵਿਚ ਪੰਜਾਬ ਦੇ ਵਜ਼ੀਰ ਤੇ ਵਿਧਾਇਕ ਪੁੱਜਣੇ ਸ਼ੁਰੂ ਹੋ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਬੈਠਕ ਲਈ ਸੱਦਾ ਦਿੱਤਾ ਗਿਆ ਹੈ। ਪਿਛਲੇ ਦਸ ਸਾਲਾਂ ਤੋਂ ਦਿੱਲੀ ਦੀ ਸੱਤਾ ’ਤੇ ਕਾਬਜ਼ ‘ਆਪ’ ਨੂੰ 70 ਮੈਂਬਰੀ ਅਸੈਂਬਲੀ ਵਿਚ ਸਿਰਫ਼ 22 ਸੀਟਾਂ ਨਾਲ ਹੀ ਸਬਰ ਕਰਨਾ ਪਿਆ ਸੀ ਜਦੋਂਕਿ ਭਾਜਪਾ 48 ਸੀਟਾਂ ਜਿੱਤਣ ਵਿਚ ਸਫ਼ਲ ਰਹੀ ਸੀ। ਕਪੂਰਥਲਾ ਹਾਊਸ ਵਿਚ ਪੰਜਾਬ ਦੇ ਮੁੱਖ ਮੰਤਰੀ, ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨਾਲ ਚੱਲ ਰਹੀ ਬੈਠਕ ਵਿਚ ਕੌਮੀ ਰਾਜਧਾਨੀ ਵਿੱਚ ਹਾਲ ਹੀ ਵਿੱਚ ਹੋਈਆਂ ਚੋਣਾਂ ਦੇ ਮੁਲਾਂਕਣ ਅਤੇ 2027 ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਬਾਰੇ ਚਰਚਾ ਹੋਣ ਦੀ ਉਮੀਦ ਹੈ। ਪੰਜਾਬ ਤੋਂ ‘ਆਪ’ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ‘ਏਐਨਆਈ’ ਨਾਲ ਗੱਲ ਕਰਦਿਆਂ ਕਿਹਾ, ‘‘ਪੰਜਾਬ ਸਰਕਾਰ ਭਗਵੰਤ ਮਾਨ ਦੀ ਅਗਵਾਈ ਹੇਠ ਬਹੁਤ ਵਧੀਆ ਢੰਗ ਨਾਲ ਚੱਲ ਰਹੀ ਹੈ… ਅਰਵਿੰਦ ਕੇਜਰੀਵਾਲ ਸਾਡੇ ਕੌਮੀ ਕਨਵੀਨਰ ਹਨ ਅਤੇ ਅਜਿਹੀਆਂ ਮੀਟਿੰਗਾਂ ਨਿਯਮਤ ਵਕਫ਼ੇ ’ਤੇ ਹੁੰਦੀਆਂ ਹਨ… ਇਹ ਮੀਟਿੰਗ ਦਿੱਲੀ ਚੋਣਾਂ ’ਤੇ ਚਰਚਾ ਕਰਨ ਅਤੇ ਅਗਲੀ ਰਣਨੀਤੀ ਤਿਆਰ ਕਰਨ ਲਈ ਰੱਖੀ ਗਈ ਹੈ।’’

ਚੇਤੇ ਰਹੇ ਕਿ ਭਾਜਪਾ ਆਗੂ ਤੇ ਰਾਜੌਰੀ ਗਾਰਡਨ ਤੋਂ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਲੰਘੇ ਦਿਨ ਕਿਹਾ ਸੀ ਕਿ ਕੇਜਰੀਵਾਲ ਵੱਲੋਂ ਸੱਦੀ ਬੈਠਕ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਹੁਦੇ ਤੋਂ ਹਟਾਉਣ ਬਾਰੇ ਚਰਚਾ ਹੋ ਸਕਦੀ ਹੈ। ‘ਆਪ’ ਨੇ ਹਾਲਾਂਕਿ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਸੀ ਕਿ ਬੈਠਕ ਵਿਚ ਦਿੱਲੀ ਚੋਣਾਂ ’ਚ ਹਾਰ ਦੇ ਕਾਰਨਾਂ ਦਾ ਮੁਲਾਂਕਣ ਕੀਤਾ ਜਾਵੇਗਾ।

You must be logged in to post a comment Login