ਡਿਪੋਰਟ ਕੀਤੇ ਗਏ ਨੌਜਵਾਨਾਂ ਨਾਲ ਅਣਮਨੁੱਖੀ ਸਲੂਕ ਲਈ ਮੋਦੀ ਜ਼ਿੰਮੇਵਾਰ ਕਰਾਰ

ਡਿਪੋਰਟ ਕੀਤੇ ਗਏ ਨੌਜਵਾਨਾਂ ਨਾਲ ਅਣਮਨੁੱਖੀ ਸਲੂਕ ਲਈ ਮੋਦੀ ਜ਼ਿੰਮੇਵਾਰ ਕਰਾਰ

ਚੰਡੀਗੜ੍ਹ, 19 ਫਰਵਰੀ- ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਨੇ ਬੁੱਧਵਾਰ ਨੂੰ ਦੋਸ਼ ਲਾਇਆ ਕਿ ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਪੰਜਾਬ ਅਤੇ ਹੋਰ ਸੂਬਿਆਂ ਦੇ ਨੌਜਵਾਨਾਂ ਨਾਲ ਅਮਰੀਕਾ ਵੱਲੋਂ ਕੀਤੇ ਗਏ ਅਣਮਨੁੱਖੀ ਵਿਵਹਾਰ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ਿੰਮੇਵਾਰ ਹਨ। ਚੰਡੀਗੜ੍ਹ ਸਥਿਤ ਕਾਂਗਰਸ ਭਵਨ ਵਿਖੇ ਸੂਬਾ ਕਾਰਜਕਾਰਨੀ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹਿੰਦਰਾ ਨੇ ਕਿਹਾ ਕਿ ਜਦੋਂ ਅਮਰੀਕੀ ਫੌਜ ਦੇ ਜਹਾਜ਼ਾਂ ਨੇ ਅੰਮ੍ਰਿਤਸਰ ਵਿੱਚ ਜ਼ੰਜੀਰਾਂ ਵਿੱਚ ਜਕੜੇ ਨੌਜਵਾਨਾਂ ਨੂੰ ਸੁੱਟ ਦਿੱਤਾ ਤਾਂ ਮੋਦੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ (President Donald Trump) ਨਾਲ ਉਥੇ ਜਾ ਕੇ ਗਲਵੱਕੜੀਆਂ ਪਾਉਂਦਿਆਂ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੀ ਵਿਦੇਸ਼ ਨੀਤੀ ਪੂਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ। ਉਨ੍ਹਾਂ ਦੇਸ਼ ਨਿਕਾਲੇ ਲਈ ਅੰਮ੍ਰਿਤਸਰ ਹਵਾਈ ਅੱਡੇ ਦੀ ਚੋਣ ਕਰਨ ‘ਤੇ ਸਖ਼ਤ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਕੇਂਦਰ ਪੰਜਾਬ ਨੂੰ ਬਦਨਾਮ ਕਰਨ ਦੀ ਨੀਤੀ ‘ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਇੰਝ ਪੰਜਾਬ ਨੂੰ ਨਿਸ਼ਾਨਾ ਬਣਾਉਣ ਪਿੱਛੇ ਡੂੰਘੀ ਸਾਜ਼ਿਸ਼ ਦੇਖਦੀ ਹੈ। ਮਹਿੰਦਰਾ ਨੇ ਪੰਜਾਬ ਵਿੱਚ ‘ਆਪ’ ਸਰਕਾਰ ‘ਤੇ ਨਸ਼ੇ ਦੀ ਸਮੱਸਿਆ ਨੂੰ ਜਾਰੀ ਰੱਖਣ ਦੀ ਇਜਾਜ਼ਤ ਦੇਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਇੰਡੀਅਨ ਯੂਥ ਕਾਂਗਰਸ ਨੇ ਕੁੱਲ ਹਿੰਦ ਯੂਥ ਕਾਂਗਰਸ ਦੇ ਪ੍ਰਧਾਨ ਉਦੈ ਭਾਨੂ ਚਿੱਬ ਦੀ ਅਗਵਾਈ ਹੇਠ ‘ਨਸ਼ੇ ਨਹੀਂ, ਰੋਜ਼ਗਾਰ ਦੋ’ ਪ੍ਰੋਗਰਾਮ ਸ਼ੁਰੂ ਕੀਤਾ ਹੈ।

You must be logged in to post a comment Login