ਧਰਮਕੋਟ, 19 ਫ਼ਰਵਰੀ : ਬੈਂਡ ਵਾਲੀ ਲੜਕੀ ਵਲੋਂ ਵਿਆਹ ਕਰਵਾ ਕੇ ਕੈਨੇਡਾ ਜਾਣ ਤੋਂ ਬਾਅਦ ਲੜਕੇ ਦੀ ਅਣਦੇਖੀ ਕੀਤੇ ਜਾਣ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੋ ਸਾਲ ਪਹਿਲਾਂ ਵਿਆਹ ਕਰਵਾ ਕੇ ਕੈਨੇਡਾ ਗਈ ਸੀ, ਪਰ ਬਾਅਦ ਵਿਚ ਉਸ ਨੇ ਆਪਣੇ ਪਤੀ ਨੂੰ ਬਾਹਰ ਬੁਲਾਉਣ ਦਾ ਵਾਅਦਾ ਨਿਭਾਉਣ ਤੋਂ ਇਨਕਾਰ ਕਰ ਦਿੱਤਾ।
ਲੜਕੀ ਹਲਕੇ ਦੇ ਪਿੰਡ ਵਰ੍ਹੇ ਦੀ ਰਹਿਣ ਵਾਲੀ ਹੈ ਅਤੇ ਸਟੱਡੀ ਵੀਜ਼ੇ ਉੱਤੇ ਦਸੰਬਰ 2022 ਵਿੱਚ ਕੈਨੇਡਾ ਗਈ ਹੈ। ਲੜਕੀ ਦੇ ਪਤੀ ਗੁਰਪ੍ਰੀਤ ਸਿੰਘ ਵਾਸੀ ਮਲ੍ਹੀਆਂ ਕਲਾਂ ਨੇ ਆਪਣੀ ਪਤਨੀ ਨਵਦੀਪ ਕੌਰ ਉਪਰ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਗਾਉਂਦਿਆਂ ਜ਼ਿਲ੍ਹਾ ਪੁਲੀਸ ਮੁਖੀ ਤੋਂ ਇਨਸਾਫ ਦੀ ਮੰਗ ਕੀਤੀ ਹੈ। ਪੁਲੀਸ ਮੁਖੀ ਨੂੰ ਦਿੱਤੀ ਸ਼ਿਕਾਇਤ ਵਿੱਚ ਗੁਰਪ੍ਰੀਤ ਸਿੰਘ ਪੁੱਤਰ ਨਛੱਤਰ ਸਿੰਘ ਨੇ ਦੱਸਿਆ ਕਿ ਉਸ ਦੀ ਸ਼ਾਦੀ 23 ਨਵੰਬਰ, 2022 ਨੂੰ ਧਰਮਕੋਟ ਨਜ਼ਦੀਕ ਪਿੰਡ ਵਰ੍ਹੇ ਦੀ ਨਵਦੀਪ ਕੌਰ ਨਾਲ ਹੋਈ ਸੀ। ਇਸ ਵਿਆਹ ਦਾ ਸਾਰਾ ਖ਼ਰਚਾ ਉਨ੍ਹਾਂ ਖੁਦ ਕੀਤਾ ਸੀ। ਦੋ ਮਹੀਨੇ ਬਾਅਦ ਉਸਦੀ ਪਤਨੀ ਸਟੱਡੀ ਵੀਜ਼ੇ ਉੱਤੇ ਕੈਨੇਡਾ ਚਲੇ ਗਈ।
ਗੁਰਪ੍ਰੀਤ ਮੁਤਾਬਕ ਉਸ ਦੇ ਪਿਤਾ ਨੇ ਕੈਨੇਡਾ ਵਿੱਚ ਆਪਣੇ ਜਾਣ ਪਛਾਣ ਵਾਲੇ ਨੂੰ ਕਹਿ ਕੇ ਉਸ ਨੂੰ ਕੰਮ ਉੱਤੇ ਵੀ ਲਵਾਇਆ। ਪਰ ਕੰਮ ਉੱਤੇ ਲੱਗਣ ਤੋਂ ਬਾਅਦ ਉਹ ਬਦਲ ਗਈ ਅਤੇ ਉਸ ਨੇ ਕਥਿਤ ਮੰਦੀ ਭਾਸ਼ਾ ਬੋਲਣੀ ਸ਼ੁਰੂ ਕਰ ਦਿੱਤੀ ਅਤੇ ਕੁਝ ਸਮੇਂ ਬਾਅਦ ਫੋਨ ਉੱਤੇ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ। ਜਦੋਂ ਉਨ੍ਹਾਂ ਨੇ ਲੜਕੀ ਦੇ ਪਿਤਾ ਅਤੇ ਭਰਾ ਨੂੰ ਇਸ ਸਬੰਧੀ ਦੱਸਿਆ ਤਾਂ ਉਹ ਵੀ ਕਥਿਤ ਧਮਕੀਆਂ ’ਤੇ ਉਤਰ ਆਏ। ਉਸਨੇ ਦੋਸ਼ ਲਗਾਇਆ ਕਿ ਲੜਕੀ ਦੇ ਭਰਾ ਗਗਨਦੀਪ ਸਿੰਘ ਨੇ ਉਸ ਦੇ ਪਿਤਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਇੱਥੇ ਹੀ ਬੱਸ ਨਹੀਂ ਜਦੋਂ ਉਹ ਆਪਣੇ ਸਹੁਰੇ ਘਰ ਪਿੰਡ ਵਰ੍ਹੇ ਗੱਲਬਾਤ ਕਰਨ ਲਈ ਗਿਆ ਤਾਂ ਉਨ੍ਹਾਂ ਨੂੰ ਬੰਦੀ ਬਣਾ ਲਿਆ ਗਿਆ। ਪੁਲੀਸ ਨੂੰ ਸੂਚਨਾ ਦੇਣ ਤੋਂ ਬਾਅਦ ਉਨ੍ਹਾਂ ਦੀ ਖ਼ਲਾਸੀ ਹੋਈ।
ਲੜਕੇ ਦੇ ਪਿਤਾ ਨਛੱਤਰ ਸਿੰਘ ਮੁਤਾਬਕ ਉਹ ਸਾਬਕਾ ਫੌਜੀ ਅਧਿਕਾਰੀ ਹੈ ਅਤੇ ਉਸ ਨੇ ਆਪਣੇ ਲੜਕੇ ਦਾ ਭਵਿੱਖ ਸੰਵਾਰਨ ਲਈ ਰਿਸ਼ਤੇਦਾਰਾਂ ਤੋਂ ਵਿਆਜ ਉੱਤੇ ਪੈਸੇ ਫੜ ਕੇ ਲੜਕੀ ਨੂੰ ਵਿਦੇਸ਼ ਭੇਜਿਆ ਸੀ। ਉਸਨੇ ਦੱਸਿਆ ਕਿ ਲੜਕੀ ਪਰਿਵਾਰ ਨੇ ਉਨ੍ਹਾਂ ਨਾਲ 30 ਲੱਖ ਰੁਪਏ ਤੋਂ ਵੀ ਵੱਧ ਰਕਮ ਦੀ ਠੱਗੀ ਮਾਰੀ ਹੈ।
ਕੁੜੀ ਵਿਆਹ ਕਰਵਾ ਕੈਨੇਡਾ ਜਾ ਕੇ ਪਤੀ ਨੂੰ ਭੁੱਲੀ added by G-Kamboj on
View all posts by G-Kamboj →
You must be logged in to post a comment Login