ਅਮਰੀਕਾ ਤੋਂ ਡਿਪੋਰਟ 300 ਵਿਅਕਤੀ ਪਨਾਮਾ ਦੇ ਹੋਟਲ ’ਚ ਨਜ਼ਰਬੰਦ

ਅਮਰੀਕਾ ਤੋਂ ਡਿਪੋਰਟ 300 ਵਿਅਕਤੀ ਪਨਾਮਾ ਦੇ ਹੋਟਲ ’ਚ ਨਜ਼ਰਬੰਦ

ਪਨਾਮਾ ਸ਼ਹਿਰ, 19 ਫਰਵਰੀ- ਅਮਰੀਕਾ ਤੋਂ ਡਿਪੋਰਟ ਕੀਤੇ ਜਾਣ ਵਾਲੇ ਤਿੰਨ ਸੌ ਦੇ ਕਰੀਬ ਲੋਕਾਂ ਨੂੰ ਪਨਾਮਾ ਦੇ ਇਕ ਹੋਟਲ ਵਿਚ ਨਜ਼ਰਬੰਦ ਕੀਤਾ ਗਿਆ ਹੈ। ਇਹ ਗ਼ੈਰਕਾਨੂੰਨੀ ਪਰਵਾਸੀ ਕੌਮਾਂਤਰੀ ਅਥਾਰਿਟੀਜ਼ ਵੱਲੋਂ ਉਨ੍ਹਾਂ ਨੂੰ ਆਪੋ ਆਪਣੇ ਮੁਲਕ ਵਾਪਸ ਭੇਜਣ ਦੀ ਉਡੀਕ ਕਰ ਰਹੇ ਹਨ। ਇਨ੍ਹਾਂ ਗੈਰਕਾਨੂੰਨੀ ਪਰਵਾਸੀਆਂ ਵਿਚੋਂ ਬਹੁਤੇ ਇਰਾਨ, ਭਾਰਤ, ਨੇਪਾਲ, ਸ੍ਰੀ ਲੰਕਾ, ਪਾਕਿਸਤਾਨ, ਅਫ਼ਗਾਨਿਸਤਾਨ, ਚੀਨ ਤੇ ਹੋਰਨਾਂ ਏਸ਼ਿਆਈ ਮੁਲਕਾਂ ਨਾਲ ਸਬੰਧਤ ਹਨ। ਅਥਾਰਿਟੀਜ਼ ਦਾ ਕਹਿਣਾ ਹੈ ਕਿ ਇਨ੍ਹਾਂ ਵਿਚੋਂ 40 ਫੀਸਦ ਤੋਂ ਵੱਧ ਪਰਵਾਸੀ ਸਵੈ-ਇੱਛਾ ਨਾਲ ਆਪੋ-ਆਪਣੇ ਮੁਲਕਾਂ ਨੂੰ ਵਾਪਸ ਜਾਣਾ ਚਾਹੁੰਦੇ ਹਨ। ਹੋਟਲ ਵਿਚ ਨਜ਼ਰਬੰਦ ਇਨ੍ਹਾਂ ਡਿਪੋਰਟੀਜ਼ ਨੇ ਖਿੜਕੀਆਂ ਰਾਹੀਂ ‘Help’ ਦੇ ਸੁਨੇਹੇ ਲਿਖ ਕੇ ਮਦਦ ਦੀ ਗੁਹਾਰ ਲਗਾਈ ਹੈ। ਅਮਰੀਕਾ ਨੂੰ ਇਨ੍ਹਾਂ ਵਿੱਚੋਂ ਕੁਝ ਨੂੰ ਸਿੱਧੇ ਉਨ੍ਹਾਂ ਦੇ ਮੁਲਕ ਡਿਪੋਰਟ ਕਰਨ ਵਿਚ ਮੁਸ਼ਕਲ ਆ ਰਹੀ ਹੈ, ਲਿਹਾਜ਼ਾ ਪਨਾਮਾ ਨੂੰ ਰਸਤੇ ਵਿਚ ਠਹਿਰ (Stopover) ਵਜੋਂ ਵਰਤਿਆ ਜਾ ਰਿਹਾ ਹੈ। ਡਿਪੋਰਟੀਜ਼ ਦੇ ਤੀਜੇ ਬੈਚ ਵਾਲੀ ਉਡਾਣ ਬੁੱਧਵਾਰ ਨੂੰ ਕੋਸਟਾ ਰੀਕਾ ਵਿਚ ਲੈਂਡ ਕਰ ਸਕਦੀ ਹੈ। ਪਨਾਮਾ ਦੇ ਸੁਰੱਖਿਆ ਮੰਤਰੀ Frank Abrego ਨੇ ਮੰਗਲਵਾਰ ਨੂੰ ਕਿਹਾ ਕਿ ਪਨਾਮਾ ਅਤੇ ਅਮਰੀਕਾ ਦਰਮਿਆਨ ਪਰਵਾਸ ਸਮਝੌਤੇ ਤਹਿਤ ਪਰਵਾਸੀਆਂ ਨੂੰ ਡਾਕਟਰੀ ਸਹਾਇਤਾ ਅਤੇ ਭੋਜਨ ਮਿਲ ਰਿਹਾ ਹੈ। Abrego ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਕਿ ਵਿਦੇਸ਼ੀ ਨਾਗਰਿਕਾਂ ਨੂੰ ਹੋਟਲ ਵਿਚ ਗੈਰਕਾਨੂੰਨੀ ਹਿਰਾਸਤ ’ਚ ਰੱਖਿਆ ਗਿਆ ਹੈ। ਉਂਝ ਇਹ ਵਿਦੇਸ਼ੀ ਨਾਗਰਿਕ ਆਪਣੇ ਕਮਰਿਆਂ ਵਿਚੋਂ ਬਾਹਰ ਨਹੀਂ ਆ ਸਕਦੇ। ਹੋਟਲ ਦੇ ਬਾਹਰ ਪੁਲੀਸ ਦਾ ਪਹਿਰਾ ਹੈ। ਪਨਾਮਾ ਸਰਕਾਰ ਹੁਣ ਡਿਪੋਰਟੀਆਂ ਲਈ ਇੱਕ ‘ਪੁਲ’ ਜਾਂ Transit ਦੇਸ਼ ਵਜੋਂ ਕੰਮ ਕਰਨ ਲਈ ਸਹਿਮਤ ਹੋ ਗਈ ਹੈ, ਜਦੋਂ ਕਿ ਅਮਰੀਕਾ ਕਾਰਵਾਈ ਦੇ ਸਾਰੇ ਖਰਚੇ ਸਹਿਣ ਕਰੇਗਾ। ਇਸ ਸਮਝੌਤੇ ਦਾ ਐਲਾਨ ਇਸ ਮਹੀਨੇ ਦੇ ਸ਼ੁਰੂ ਵਿੱਚ ਅਮਰੀਕੀ ਵਿਦੇਸ਼ ਮੰਤਰੀ Marco Rubio ਦੀ ਫੇਰੀ ਮਗਰੋਂ ਕੀਤਾ ਗਿਆ ਸੀ। ਪਨਾਮਾ ਦੇ ਰਾਸ਼ਟਰਪਤੀ Jose Raul Mulino ਨੇ ਪਿਛਲੇ ਵੀਰਵਾਰ ਨੂੰ ਡਿਪੋਰਟੀਜ਼ ਦੀਆਂ ਪਹਿਲੀਆਂ ਉਡਾਣਾਂ ਦੇ ਆਉਣ ਦਾ ਐਲਾਨ ਕੀਤਾ ਸੀ।

You must be logged in to post a comment Login