ਸੱਜਣ ਕੁਮਾਰ ਤੋਂ ਬਾਅਦ ਅਗਲੀ ਵਾਰੀ ਜਗਦੀਸ਼ ਟਾਈਟਲਰ ਤੇ ਕਮਲ ਨਾਥ ਦੀ: ਮਨਜਿੰਦਰ ਸਿਰਸਾ

ਸੱਜਣ ਕੁਮਾਰ ਤੋਂ ਬਾਅਦ ਅਗਲੀ ਵਾਰੀ ਜਗਦੀਸ਼ ਟਾਈਟਲਰ ਤੇ ਕਮਲ ਨਾਥ ਦੀ: ਮਨਜਿੰਦਰ ਸਿਰਸਾ

ਨਵੀਂ ਦਿੱਲੀ, 25 ਫਰਵਰੀ-  ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਕੇਸ ਵਿਚ ਕੋਰਟ ਵੱਲੋਂ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਮਗਰੋਂ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਚੇਤਾਵਨੀ ਦਿੱਤੀ ਕਿ ਅਗਲੀ ਵਾਰੀ ਹੁਣ ਕਾਂਗਰਸੀ ਆਗੂਆਂ ਜਗਦੀਸ਼ ਟਾਈਟਲਰ ਤੇ ਕਮਲ ਨਾਥ ਦੀ ਹੋ ਸਕਦੀ ਹੈ। ਸਿਰਸਾ ਨੇ ਕਿਹਾ ਕਿ ਉਹ ਸੱਜਣ ਕੁਮਾਰ ਲਈ ਮੌਤ ਦੀ ਸਜ਼ਾ ਦੀ ਮੰਗ ਨੂੰ ਲੈ ਕੇ ਹਾਈ ਕੋਰਟ ਵਿਚ ਅਪੀਲ ਦਾਖ਼ਲ ਕਰਨ ਬਾਰੇ ਗੌਰ ਕਰਨਗੇ। ਕਾਂਗਰਸ ਆਗੂ ਜਗਦੀਸ਼ ਟਾਈਟਲਰ ਨੂੰ 1 ਨਵੰਬਰ 1984 ਨੂੰ ਗੁਰਦੁਆਰਾ ਪੁਲ ਬੰਗਸ਼ ਨੇੜੇ ਤਿੰਨ ਸਿੱਖਾਂ ਦੀ ਹੱਤਿਆ ਮਾਮਲੇ ਵਿਚ ਮੁਕੱਦਮੇ ਦੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਰਸਾ ਨੇ ਖ਼ਬਰ ਏਜੰਸੀ ਏਐੱਨਆਈ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮੈਂ ਇਸ ਮਾਮਲੇ ਵਿਚ ‘ਸਿਟ’ ਬਣਾਉਣ ਤੇ ਕੇਸ ਮੁੜ ਖੋਲ੍ਹਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕਰਦਾ ਹਾਂ। ਇਹ ਕੇਸ 35 ਸਾਲਾਂ ਤੋਂ ਬੰਦ ਪਏ ਸਨ ਤੇ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਤੇ ਕਮਲ ਨਾਥ ਵਰਗੇ ਲੋਕ ਮੁੱਖ ਮੰਤਰੀ ਤੇ ਸੰਸਦ ਮੈਂਬਰਾਂ ਵਜੋਂ ਸ਼ਰ੍ਹੇਆਮ ਘੁੰਮ ਰਹੇ ਸਨ। ਅਸੀਂ ਮੌਤ ਦੀ ਸਜ਼ਾ ਦੀ ਉਮੀਦ ਕੀਤੀ ਸੀ। ਅਸੀਂ ਮੌਤ ਦੀ ਸਜ਼ਾ ਲਈ ਹਾਈ ਕੋਰਟ ਵਿਚ ਅਪੀਲ ਕਰਨ ਬਾਰੇ ਫੈਸਲਾ ਕਰਾਂਗੇ। ਅਗਲੀ ਵਾਰੀ ਜਗਦੀਸ਼ ਟਾਈਟਲਰ ਤੇ ਕਮਲ ਨਾਥ ਦੀ ਹੈ।’’

You must be logged in to post a comment Login