ਆਸਟਰੇਲੀਆ ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ ’ਚ

ਆਸਟਰੇਲੀਆ ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ ’ਚ

ਲਾਹੌਰ, 28 ਫਰਵਰੀ- ਆਸਟਰੇਲੀਆ ਨੇ ਅਫਗਾਨਿਸਤਾਨ ਖ਼ਿਲਾਫ਼ ਗਰੁੱਪ ‘ਬੀ’ ਦਾ ਅਹਿਮ ਮੈਚ ਮੀਂਹ ਕਾਰਨ ਰੱਦ ਹੋਣ ਤੋਂ ਬਾਅਦ ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਮੈਚ ਰੱਦ ਹੋਣ ਤੋਂ ਬਾਅਦ ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਮਿਲਿਆ। ਜਦੋਂ 274 ਦੌੜਾਂ ਦੇ ਟੀਚੇ ਦੇ ਜਵਾਬ ਵਿੱਚ ਆਸਟਰੇਲੀਆ ਨੇ 12.5 ਓਵਰਾਂ ਵਿੱਚ ਇੱਕ ਵਿਕਟ ’ਤੇ 109 ਦੌੜਾਂ ਬਣਾ ਲਈਆਂ ਸਨ ਤਾਂ ਮੀਂਹ ਆ ਗਿਆ, ਜਿਸ ਕਾਰਨ ਮੈਚ ਰੋਕਣਾ ਪਿਆ। ਗਰਾਊਂਡ ਸਟਾਫ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਮੈਦਾਨ ’ਤੇ ਕਈ ਥਾਵਾਂ ’ਤੇ ਪਾਣੀ ਭਰ ਗਿਆ, ਜਿਸ ਮਗਰੋਂ ਅੰਪਾਇਰਾਂ ਨੇ ਮੈਚ ਰੱਦ ਕਰਨ ਦਾ ਫ਼ੈਸਲਾ ਕੀਤਾ। ਆਸਟਰੇਲੀਆ ਚਾਰ ਅੰਕਾਂ ਨਾਲ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ। ਦੱਖਣੀ ਅਫਰੀਕਾ ਖ਼ਿਲਾਫ਼ ਰਾਵਲਪਿੰਡੀ ਵਿੱਚ ਉਸ ਦਾ ਪਿਛਲਾ ਮੈਚ ਵੀ ਮੀਂਹ ਕਾਰਨ ਰੱਦ ਹੋ ਗਿਆ ਸੀ। ਮੀਂਹ ਵੇਲੇ ਆਸਟਰੇਲੀਆ ਦਾ ਟਰੈਵਿਸ ਹੈੱਡ 40 ਗੇਂਦਾਂ ’ਤੇ 59 ਦੌੜਾਂ, ਜਦਕਿ ਕਪਤਾਨ ਸਟੀਵ ਸਮਿੱਥ 22 ਗੇਂਦਾਂ ’ਤੇ 19 ਦੌੜਾਂ ਬਣਾ ਕੇ ਖੇਡ ਰਿਹਾ ਸੀ। ਹੁਣ ਅਫਗਾਨਿਸਤਾਨ ਦੇ ਆਖਰੀ ਚਾਰ ਵਿੱਚ ਪਹੁੰਚਣ ਦੀ ਉਮੀਦ ਘੱਟ ਹੀ ਰਹਿ ਗਈ ਹੈ। ਉਸ ਨੂੰ ਦੱਖਣੀ ਅਫਰੀਕਾ ਅਤੇ ਇੰਗਲੈਂਡ ਵਿਚਾਲੇ ਮੈਚ ਦੇ ਨਤੀਜੇ ਦੀ ਉਡੀਕ ਕਰਨੀ ਪਵੇਗੀ। ਜੇ ਦੱਖਣੀ ਅਫਰੀਕਾ ਜਿੱਤਦਾ ਹੈ ਤਾਂ ਗਰੁੱਪ ਵਿੱਚ ਸਿਖਰ ’ਤੇ ਰਹੇਗਾ। ਇੰਗਲੈਂਡ ਦੇ ਜਿੱਤਣ ’ਤੇ ਦੱਖਣੀ ਅਫਰੀਕਾ ਅਤੇ ਅਫਗਾਨਿਸਤਾਨ ਦੇ ਤਿੰਨ-ਤਿੰਨ ਅੰਕ ਹੋਣਗੇ, ਜਿਸ ਮਗਰੋਂ ਨੈੱਟ ਰਨਰੇਟ ਦੇ ਆਧਾਰ ’ਤੇ ਦੂਜੇ ਸੈਮੀਫਾਈਨਲਿਸਟ ਦਾ ਫ਼ੈਸਲਾ ਹੋਵੇਗਾ।

You must be logged in to post a comment Login