ਟਰੰਪ ਦੇ ਟੈਕਸਾਂ ਦੇ ਜਵਾਬੀ ਉਪਾਅ 1 ਅਪ੍ਰੈਲ ਤੋਂ ਲਾਗੂ ਹੋਣਗੇ: ਯੂਰਪੀਅਨ ਯੂਨੀਅਨ

ਟਰੰਪ ਦੇ ਟੈਕਸਾਂ ਦੇ ਜਵਾਬੀ ਉਪਾਅ 1 ਅਪ੍ਰੈਲ ਤੋਂ ਲਾਗੂ ਹੋਣਗੇ: ਯੂਰਪੀਅਨ ਯੂਨੀਅਨ

ਬ੍ਰਸੇਲਜ਼, 12 ਮਾਰਚ- ਯੂਰਪੀਅਨ ਯੂਨੀਅਨ ਨੇ ਬੁੱਧਵਾਰ ਨੂੰ ਟਰੰਪ ਪ੍ਰਸ਼ਾਸਨ ਵੱਲੋਂ ਅਧਿਕਾਰਤ ਤੌਰ ’ਤੇ ਸਾਰੇ ਸਟੀਲ ਅਤੇ ਐਲੂਮੀਨੀਅਮ ਆਯਾਤ ’ਤੇ ਟੈਕਸ 25 ਫੀਸਦੀ ਤੱਕ ਵਧਾਏ ਜਾਣ ਤੋਂ ਬਾਅਦ ਜਵਾਬੀ ਵਪਾਰਕ ਕਾਰਵਾਈ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਉਦਯੋਗਿਕ ਅਤੇ ਖੇਤੀਬਾੜੀ ਉਤਪਾਦਾਂ ’ਤੇ ਡਿਊਟੀਜ਼ 1 ਅਪ੍ਰੈਲ ਤੋਂ ਲਾਗੂ ਹੋਣਗੀਆਂ। ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਇੱਕ ਬਿਆਨ ਵਿੱਚ ਕਿਹਾ, “ਜਿਵੇਂ ਕਿ ਅਮਰੀਕਾ 28 ਬਿਲੀਅਨ ਡਾਲਰ ਦੇ ਟੈਕਸ ਲਗਾ ਰਿਹਾ ਹੈ, ਅਸੀਂ 26 ਬਿਲੀਅਨ ਯੂਰੋ (28 ਬਿਲੀਅਨ ਅਮਰੀਕੀ ਡਾਲਰ) ਦੇ ਜਵਾਬੀ ਉਪਾਅ ਲਾਗੂ ਕਰ ਰਹੇ ਹਾਂ।’’ ਕਮਿਸ਼ਨ 27 ਮੈਂਬਰ ਦੇਸ਼ਾਂ ਵੱਲੋਂ ਵਪਾਰ ਅਤੇ ਵਪਾਰਕ ਟਕਰਾਵਾਂ ਦਾ ਪ੍ਰਬੰਧਨ ਕਰਦਾ ਹੈ। ਵਾਨ ਡੇਰ ਲੇਅਨ ਨੇ ਕਿਹਾ “ਅਸੀਂ ਹਮੇਸ਼ਾ ਗੱਲਬਾਤ ਲਈ ਤਿਆਰ ਹਾਂ, ਸਾਡਾ ਪੱਕਾ ਵਿਸ਼ਵਾਸ ਹੈ ਕਿ ਭੂ-ਰਾਜਨੀਤਿਕ ਅਤੇ ਆਰਥਿਕ ਅਨਿਸ਼ਚਿਤਤਾਵਾਂ ਨਾਲ ਭਰੀ ਦੁਨੀਆ ਵਿੱਚ ਸਾਡੀਆਂ ਅਰਥਵਿਵਸਥਾਵਾਂ ’ਤੇ ਟੈਕਸਾਂ ਦਾ ਬੋਝ ਪਾਉਣਾ ਸਾਡੇ ਸਾਂਝੇ ਹਿੱਤ ਵਿੱਚ ਨਹੀਂ ਹੈ।’’ ਕਮਿਸ਼ਨ ਨੇ ਇਹ ਵੀ ਕਿਹਾ ਕਿ ਬਦਲੇ ਵਿੱਚ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ ਨੂੰ ਮਾਰ ਪਵੇਗੀ, ਪਰ ਟੈਕਸਟਾਈਲ, ਚਮੜੇ ਦੇ ਸਮਾਨ, ਘਰੇਲੂ ਉਪਕਰਣ, ਘਰੇਲੂ ਔਜ਼ਾਰ ਪਲਾਸਟਿਕ ਅਤੇ ਲੱਕੜ ਵੀ ਪ੍ਰਭਾਵਿਤ ਹੋਣਗੇ। ਉਧਰ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਟੈਕਸ ਅਮਰੀਕੀ ਫੈਕਟਰੀਆਂ ਵਿਚ ਨੌਕਰੀਆਂ ਪੈਦਾ ਕਰਨ ਵਿੱਚ ਮਦਦ ਕਰਨਗੇ, ਪਰ ਵੌਨ ਡੇਰ ਲੇਅਨ ਨੇ ਕਿਹਾ ‘‘ਨੌਕਰੀਆਂ ਦਾਅ ’ਤੇ ਲੱਗੀਆਂ ਹੋਈਆਂ ਹਨ, ਯੂਰਪ ਅਤੇ ਸੰਯੁਕਤ ਰਾਜ ਵਿੱਚ ਕੀਮਤਾਂ ਵਧਣਗੀਆਂ।’’

You must be logged in to post a comment Login