ਕੈਨੇਡਾ: ਪ੍ਰਧਾਨ ਮੰਤਰੀ ਕਾਰਨੇ ਮੰਤਰੀ ਮੰਡਲ ’ਚ ਦੋ ਭਾਰਤੀ ਬੀਬੀਆਂ

ਕੈਨੇਡਾ: ਪ੍ਰਧਾਨ ਮੰਤਰੀ ਕਾਰਨੇ ਮੰਤਰੀ ਮੰਡਲ ’ਚ ਦੋ ਭਾਰਤੀ ਬੀਬੀਆਂ

ਵੈਨਕੂਵਰ, 16 ਮਾਰਚ- ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਮਾਰਕ ਕਾਰਨੇ ਨੇ ਦੇਸ਼ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਹਲਫ਼ ਲੈ ਲਿਆ। ਉਨ੍ਹਾਂ ਦੇ 23 ਮੈਂਬਰੀ ਮੰਤਰੀ ਮੰਡਲ ਵਿੱਚ ਦੋ ਭਾਰਤੀ ਬੀਬੀਆਂ ਨੇ ਵੀ ਹਲਫ਼ ਲਿਆ।ਮੰਤਰੀਆਂ ਵਿੱਚ ਭਾਰਤੀ ਮੂਲ ਦੀ ਕੈਨੇਡਿਆਈ ਨਾਗਰਿਕ ਅਨੀਤਾ ਆਨੰਦ ਅਤੇ ਦਿੱਲੀ ਵਿੱਚ ਜੰਮੀ ਕਮਲ ਖੇੜਾ ਸ਼ਾਮਲ ਹਨ। ਖੇੜਾ ਦਾ ਪਿਛੋਕੜ ਪੰਜਾਬ ਦੇ ਐੱਸਏਐੱਸ ਨਗਰ ਮੁਹਾਲੀ ਦੀ ਖਰੜ ਤਹਿਸੀਲ ਦੇ ਪਿੰਡ ਭਾਗੋਮਾਜਰਾ ਦਾ ਹੈ। ਨਵੇਂ ਮੰਤਰੀ ਮੰਡਲ ਵਿੱਚ ਪ੍ਰਧਾਨ ਮੰਤਰੀ ਸਣੇ 13 ਪੁਰਸ਼ ਅਤੇ 11 ਮਹਿਲਾਵਾਂ ਸ਼ਾਮਲ ਹਨ। ਮਾਰਕ ਕਾਰਨੀ (Mark Carney, Prime Minister of Canada) ਨੇ ਆਪਣੇ ਸਹੁੰ-ਚੁੱਕ ਸਮਾਗਮ ਤੋਂ ਤੁਰੰਤ ਬਾਅਦ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਵਿੱਚ ਦੇਸ਼ ਦੇ ਲੋਕਾਂ ਦੇ ਸਿਰੋਂ ਕਾਰਬਨ ਟੈਕਸ ਦਾ ਬੋਝ ਲਾਹ ਦਿੱਤਾ। ਆਪਣੀ ਸਰਕਾਰ ਦੇ ਪਹਿਲੇ ਫੈਸਲੇ ਦਾ ਐਲਾਨ ਕਰ ਕੇ ਮੰਤਰੀ ਮੰਡਲ ਵਲੋਂ ਇਸ ਨੂੰ ਤੁਰੰਤ ਲਾਗੂ ਕਰਨ ਦੇ ਫੈਸਲੇ ’ਤੇ ਮੋਹਰ ਲਾ ਦਿੱਤੀ ਗਈ।ਅਨੀਤਾ ਆਨੰਦ (58) ਨੂੰ ਨਵੀਨਤਾ, ਵਿਗਿਆਨ ਅਤੇ ਸਨਅਤ ਮੰਤਰੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਦਕਿ ਕਮਲ ਖੇੜਾ (36) ਨੂੰ ਸਿਹਤ ਮੰਤਰੀ ਲਗਾਇਆ ਗਿਆ ਹੈ। ਦਿੱਲੀ ਵਿੱਚ ਜੰਮੀ ਕਮਲ ਖੇੜਾ ਕੈਨੇਡਾ ਉਦੋਂ ਆਈ ਸੀ ਜਦੋਂ ਉਹ ਸਕੂਲ ਵਿੱਚ ਸੀ। ਉਸ ਨੇ ਯੋਰਕ ਯੂਨੀਵਰਸਿਟੀ ਟੋਰਾਂਟੋ ਤੋਂ ਵਿਗਿਆਨ ਦੀ ਬੈਚਲਰ ਡਿਗਰੀ ਕੀਤੀ। ਕੈਨੇਡਾ ਦੇ ਪ੍ਰਧਾਨ ਮੰਤਰੀ ਦਫ਼ਤਰ ਦੀ ਵੈੱਬਸਾਈਟ ਮੁਤਾਬਕ ਕਮਲ ਖੇੜਾ ਸਭ ਤੋਂ ਪਹਿਲਾਂ 2015 ਵਿੱਚ ਬਰੈਂਪਟਨ ਪੱਛਮੀ ਤੋਂ ਸੰਸਦ ਮੈਂਬਰ ਚੁਣੀ ਗਈ ਸੀ। ਪ੍ਰਧਾਨ ਮੰਤਰੀ ਦਫ਼ਤਰ ਦੀ ਵੈੱਬਸਾਈਟ ਮੁਤਾਬਕ ਖੇੜਾ ਇਕ ਰਜਿਸਟਰਡ ਨਰਸ, ਕਮਿਊਨਿਟੀ ਵਾਲੰਟੀਅਰ ਅਤੇ ਸਿਆਸੀ ਕਾਰਕੁਨ ਹੈ। ਉਹ ਪਹਿਲਾਂ ਵੀ ਮੰਤਰੀ ਸਣੇ ਵੱਖ-ਵੱਖ ਅਹੁਦਿਆਂ ’ਤੇ ਰਹਿ ਚੁੱਕੀ ਹੈ।

You must be logged in to post a comment Login