ਸੁਨੀਤਾ ਵਿਲੀਅਮਜ਼ ਦੀ ਪੁਲਾੜ ਤੋਂ ਧਰਤੀ ’ਤੇ ਸੁਰੱਖਿਅਤ ਵਾਪਸੀ

ਸੁਨੀਤਾ ਵਿਲੀਅਮਜ਼ ਦੀ ਪੁਲਾੜ ਤੋਂ ਧਰਤੀ ’ਤੇ ਸੁਰੱਖਿਅਤ ਵਾਪਸੀ

ਕੇਪ ਕੈਨਵਰਲ, 19 ਮਾਰਚ : ਨਾਸਾ ਦੇ ਪੁਲਾੜ ਯਾਤਰੀ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਤੇ ਬੁਚ ਵਿਲਮੋਰ ਨੌਂ ਮਹੀਨੇ ਪੁਲਾੜ ਵਿਚ ਰਹਿਣ ਮਗਰੋਂ ਧਰਤੀ ’ਤੇ ਪਰਤ ਆਏ ਹਨ। ਪੁਲਾੜ ਯਾਤਰੀਆਂ ਨੂੰ ਲੈ ਕੇ ਆਏ ‘ਸਪੇਸਐਕਸ’ ਦੇ ਕੈਪਸੂਲ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ ਤੋਂ ਰਵਾਨਗੀ ਪਾਉਣ ਤੋਂ ਕੁਝ ਹੀ ਘੰਟਿਆਂ ਬਾਅਦ ਫਲੋਰੀਡਾ ਪੈਨਹੈਂਡਲ ਦੇ ਤੇਲਾਹਾਸੇ ਜਲ ਖੇਤਰ (coast of Tallahassee in the Florida Panhandle) ਵਿਚ ਉਤਾਰਿਆ ਗਿਆ। ਇਕ ਘੰਟੇ ਅੰਦਰ ਪੁਲਾੜ ਯਾਤਰੀ ਕੈਪਸੂਲ ’ਚੋਂ ਬਾਹਰ ਆ ਗਏ। ਉਨ੍ਹਾਂ ਕੈਮਰਿਆਂ ਵੱਲ ਹੱਥ ਹਿਲਾਏ ਤੇ ਮੁਸਕਰਾਏ। ਉਨ੍ਹਾਂ ਨੂੰ ਡਾਕਟਰੀ ਜਾਂਚ ਲਈ ਸਟਰੈਚਰ ’ਤੇ ਲਿਜਾਇਆ ਗਿਆ। ਵਿਲਮੋਰ ਤੇ ਵਿਲੀਅਮਜ਼ ਪੁਲਾੜ ਵਿਚ 286 ਦਿਨ ਰਹੇ। ਉਨ੍ਹਾਂ ਧਰਤੀ ਦੀ 4,576 ਵਾਰ ਪਰਿਕਰਮਾ ਕੀਤੀ ਤੇ ਸਪਲੈਸ਼ਡਾਊਨ ਦੇ ਸਮੇਂ ਤੱਕ 12 ਕਰੋੜ 10 ਲੱਖ ਮੀਲ ਦਾ ਸਫ਼ਰ ਕੀਤਾ।ਕੈਪਸੂਲ ਅਮਰੀਕਾ ਦੇ ਪੂਰਬੀ ਸਾਹਿਲੀ ਸਮੇਂ ਮੁਤਾਬਕ ਸੋਮਵਾਰ-ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਇਕ ਵਜੇ (ਭਾਰਤੀ ਸਮੇਂ ਮੁਤਾਬਕ ਸਵੇਰੇ 10:30 ਵਜੇ) ਦੇ ਕਰੀਬ ਕੌਮਾਂਤਰੀ ਪੁਲਾੜ ਸਟੇਸ਼ਨ ਤੋਂ ਵੱਖ ਹੋਇਆ। ਕੈਪਸੂਲ ਮੌਸਮ ਮੁਆਫ਼ਕ ਹੋਣ ਮਗਰੋਂ ਪੂਰਬੀ ਸਾਹਿਲੀ ਸਮੇਂ ਅਨੁਸਾਰ 5:57 (ਭਾਰਤੀ ਸਮੇਂ ਮੁਤਾਬਕ ਮੰਗਲਵਾਰ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ 3:27 ਵਜੇ) ਫਲੋਰੀਡਾ ਦੇ ਸਾਹਿਲ ’ਤੇ ਉਤਰਿਆ।

You must be logged in to post a comment Login