ਨਵੀਂ ਦਿੱਲੀ, 19 ਮਾਰਚ- ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੀ ਮਹਾਰਾਸ਼ਟਰ ਵਿਚ ਸਥਿਤ ਕਬਰ ਨੂੰ ਲੈ ਕੇ ਸੋਮਵਾਰ ਸ਼ਾਮ ਮਾਹਰਾਸ਼ਟਰ ਦੇ ਨਾਗਪੁਰ ਵਿੱਚ ਹੋਈਆਂ ਫਿਰਕੂ ਝੜਪਾਂ ਦੀ ਜਾਰੀ ਸਰਗਰਮ ਜਾਂਚ ਦੇ ਦੌਰਾਨ ਹਾਕਮ ਭਾਜਪਾ ਦੇ ਵਿਚਾਰਧਾਰਕ ਸਲਾਹਕਾਰ ਸੰਗਠਨ ਰਾਸ਼ਟਰੀ ਸੋਇਮਸੇਵਕ ਸੰਘ (Rashtriya Swayamsevak Sangh – RSS) ਨੇ ਬੁੱਧਵਾਰ ਨੂੰ ਕਿਹਾ ਕਿ ਛੇਵਾਂ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਮੌਜੂਦਾ ਸਮੇਂ ਵਿੱਚ ਪ੍ਰਸੰਗਿਕ ਨਹੀਂ ਹੈ। ਕਰਨਾਟਕ ਵਿੱਚ 21 ਤੋਂ 23 ਮਾਰਚ ਤੱਕ ਬੁਲਾਈ ਜਾ ਰਹੀ ਤਿੰਨ-ਰੋਜ਼ਾ ਆਲ ਇੰਡੀਆ ਪ੍ਰਤਿਨਿਧੀ ਸਭਾ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਰ ਐਸ ਐਸ ਸੰਚਾਰ ਮੁਖੀ ਸੁਨੀਲ ਅੰਬੇਕਰ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਹਿੰਸਾ ਸਮਾਜ ਲਈ ਗੈਰ-ਸਿਹਤਮੰਦ ਹੈ ਅਤੇ ਔਰੰਗਜ਼ੇਬ ਦੀ ਅਜੋਕੇ ਦੌਰ ਵਿਚ ਕੋਈ ਅਹਿਮੀਅਤ ਨਹੀਂ ਹੈ।
ਨਾਗਪੁਰ ਤੋਂ 500 ਕਿਲੋਮੀਟਰ ਦੂਰ ਛਤਰਪਤੀ ਸ਼ੰਭਾਜੀ ਨਗਰ ਵਿੱਚ ਸਥਿਤ ਔਰੰਗਜ਼ੇਬ ਦੀ ਕਬਰ ਨੂੰ ਹਟਾਉਣ ਬਾਰੇ ਆਪਣੀ ਅਸਹਿਮਤੀ ਦਾ ਸੰਕੇਤ ਦਿੰਦਿਆਂ ਅੰਬੇਕਰ ਨੇ ਇੱਕ ਲੁਕਵੇਂ ਢੰਗ ਨਾਲ ਸ਼ਾਂਤੀ ਦੀ ਵਕਾਲਤ ਕੀਤੀ ਅਤੇ ਕਿਹਾ, “ਕਿਸੇ ਵੀ ਤਰ੍ਹਾਂ ਦੀ ਹਿੰਸਾ ਸਮਾਜ ਲਈ ਗੈਰ-ਸਿਹਤਮੰਦ ਹੈ।”
ਇੱਕ ਸਿੱਧੇ ਸਵਾਲ ‘ਤੇ ਕਿ ਕੀ ਔਰੰਗਜ਼ੇਬ ਮੌਜੂਦਾ ਸਮੇਂ ਲਈ ਵੀ ਢੁਕਵਾਂ ਸੀ, ਅੰਬੇਕਰ ਨੇ ਕਿਹਾ, “ਢੁਕਵਾਂ ਨਹੀਂ।” ਮਹੱਤਵਪੂਰਨ ਗੱਲ ਇਹ ਹੈ ਕਿ ਜਦੋਂ ਸੋਮਵਾਰ ਨੂੰ ਨਾਗਪੁਰ ਵਿੱਚ ਹਿੰਸਕ ਝੜਪਾਂ ਹੋਈਆਂ ਤਾਂ ਔਰੰਗਜ਼ੇਬ ਦੀ ਕਬਰ ਨੂੰ ਹਟਾਉਣ ਦੀ ਮੁਹਿੰਮ ਦੀ ਅਗਵਾਈ ਆਰਐਸਐਸ ਨਾਲ ਜੁੜੇ ਸੰਗਠਨ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਕਰ ਰਹੇ ਸਨ।
ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਨੇ ਵੀ ਵੀਐਚਪੀ ਅਤੇ ਭਾਜਪਾ ਨੇਤਾਵਾਂ ‘ਤੇ ਔਰੰਗਜ਼ੇਬ ਦੀ ਚਿੰਤਾ ਕਰਨ ‘ਤੇ ਸਵਾਲ ਉਠਾਏ ਹਨ। ਗ਼ੌਰਤਲਬ ਹੈ ਕਿ ਔਰੰਗਜ਼ੇਬ ਦੀ ਮੌਤ 300 ਸਾਲ ਪਹਿਲਾਂ ਹੋਈ ਸੀ। ਅੰਬੇਕਰ ਨੇ ਆਰਐਸਐਸ ਦੀ ਸਭ ਤੋਂ ਉੱਚੀ ਫੈਸਲਾ ਲੈਣ ਵਾਲੀ ਸੰਸਥਾ ਅਖਿਲ ਭਾਰਤੀ ਪ੍ਰਤੀਨਿਧੀ ਸਭਾ ਦੀ ਮੀਟਿੰਗ ਲਈ ਵਿਸਤ੍ਰਿਤ ਏਜੰਡੇ ਦੀ ਸੂਚੀ ਦਿੰਦੇ ਹੋਏ ਕਿਹਾ ਕਿ ਭਾਜਪਾ ਪ੍ਰਧਾਨ ਜੇਪੀ ਨੱਡਾ ਵੀ 32 ਸੰਘ ਨਾਲ ਜੁੜੇ ਸੰਗਠਨਾਂ ਦੇ ਮੁਖੀਆਂ ਵਿੱਚ ਸ਼ਾਮਲ ਹੋਣਗੇ, ਜਿਨ੍ਹਾਂ ਦੀ ਨੁਮਾਇੰਦਗੀ ਇਕੱਤਰਤਾ ਵਿੱਚ ਕੀਤੀ ਜਾਵੇਗੀ।
You must be logged in to post a comment Login