ਕਰਨਲ ਦੀ ਕੁੱਟਮਾਰ ਮਾਮਲੇ ’ਚ ਪਰਿਵਾਰ ਨੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ

ਕਰਨਲ ਦੀ ਕੁੱਟਮਾਰ ਮਾਮਲੇ ’ਚ ਪਰਿਵਾਰ ਨੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ, 31 ਮਾਰਚ- ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਬਾਹਰ ਪੁਲੀਸ ਮੁਲਾਜ਼ਮਾਂ ਵੱਲੋਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਕਥਿਤ ਕੁੱਟਮਾਰ ਦੇ ਮਾਮਲੇ ਵਿੱਚ ਇਨਸਾਫ ਦੀ ਮੰਗ ਲਈ ਕਰਨਲ ਦਾ ਪਰਿਵਾਰ ਸੋਮਵਾਰ ਨੂੰ ਇਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਿਆ। ਦੱਸਿਆ ਜਾਂਦਾ ਹੈ ਕਿ ਇਸ ਮੌਕੇ ਜਿਥੇ ਪਰਿਵਾਰ ਨੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਦੁਹਰਾਈ, ਉਥੇ ਮੁੱਖ ਮੰਤਰੀ ਨੇ ਪਰਿਵਾਰ ਨੂੰ ਨਿਰਪੱਖ ਜਾਂਚ ਕਰਾਉਣ ਤੇ ਇਨਸਾਫ਼ ਦਿਵਾਉਣ ਦਾ ਯਕੀਨ ਦਿਵਾਇਆ ਹੈ।ਇਹ ਮੁਲਾਕਾਤ ਮੁੱਖ ਮੰਤਰੀ ਦੀ ਇਥੇ ਸਥਿਤ ਸਰਕਾਰੀ ਰਿਹਾਇਸ਼ ਵਿਚ ਹੋਈ। ਇਸ ਸਬੰਧ ਵਿਚ ਪਟਿਆਲਾ ਤੋਂ ਚੰਡੀਗੜ੍ਹ ਪੁੱਜਣ ਵਾਲਿਆਂ ਵਿਚ ਕਰਨਲ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ, ਉਹਨਾਂ ਦੇ ਪਰਿਵਾਰਿਕ ਮੈਂਬਰ ਅਤੇ ਉਨ੍ਹਾਂ ਦੇ ਹਮਾਇਤੀ ਸ਼ਾਮਲ ਸਨ।ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਵਿੰਦਰ ਕੌਰ ਬਾਠ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਮਲੇ ਦੀ ਜਾਂਚ ਲਈ ਚੌਥੀ ਵਾਰ ਸਿੱਟ ਬਦਲੀ ਗਈ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਕਿਵੇਂ ਕਰਨਲ ਦੀ ਕੁੱਟਮਾਰ ਦੇ ਮਾਮਲੇ ਵਿੱਚ ਪੁਲੀਸ ਮੁਲਾਜ਼ਮਾਂ ਨੂੰ ਬਚਾਉਣ ਲੱਗੀ ਹੋਈ ਹੈ।ਉਨ੍ਹਾਂ ਮੰਗ ਕੀਤੀ ਕਿ ਐਸਐਸਪੀ ਪਟਿਆਲਾ ਡਾ. ਨਾਨਕ ਸਿੰਘ ਨੂੰ ਬਦਲਿਆ ਜਾਵੇ। ਉਹਨਾਂ ਕਿਹਾ ਕਿ ਉਹਨਾਂ ਨੂੰ ਪੰਜਾਬ ਪੁਲੀਸ ਤੋਂ ਇਨਸਾਫ ਮਿਲਣ ਦਾ ਭਰੋਸਾ ਨਹੀਂ ਹੈ। ਇਸ ਲਈ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਤੋਂ ਕਰਵਾਈ ਜਾਵੇ।

You must be logged in to post a comment Login