ਐਲਨ ਮਸਕ ਦੀ SpaceX ਵੱਲੋਂ ‘ਸਟਾਰਸ਼ਿਪ’ ਨੂੰ ਲਾਂਚ ਕਰਨ ਦੀ ਤੀਜੀ ਕੋਸ਼ਿਸ਼ ਵੀ ਨਾਕਾਮ

ਐਲਨ ਮਸਕ ਦੀ SpaceX ਵੱਲੋਂ ‘ਸਟਾਰਸ਼ਿਪ’ ਨੂੰ ਲਾਂਚ ਕਰਨ ਦੀ ਤੀਜੀ ਕੋਸ਼ਿਸ਼ ਵੀ ਨਾਕਾਮ

ਟੈਕਸਾਸ(ਅਮਰੀਕਾ), 28 ਮਈ : ਵਿਸ਼ਵ ਦੇ ਸਭ ਤੋਂ ਧਨਾਢ ਵਿਅਕਤੀ ਐਲਨ ਮਸਕ ਦੀ ਕੰਪਨੀ SpaceX ਨੇ ਦੁਨੀਆ ਦੇ ਸਭ ਤੋਂ ਤਾਕਤਵਾਰ ਰਾਕੇਟ ‘ਸਟਾਰਸ਼ਿਪ’ ਦਾ 9ਵਾਂ ਟੈਸਟ 28 ਮਈ ਨੂੰ (ਭਾਰਤੀ ਸਮੇਂ ਮੁਤਾਬਕ) ਸਵੇਰੇ 5 ਵਜੇ ਟੈਕਸਾਸ ਦੇ ਬੋਕਾ ਚਿਕਾ ਤੋਂ ਕੀਤਾ। ਲਾਂਚਿੰਗ ਦੇ ਕਰੀਬ ਅੱਧੇ ਘੰਟੇ ਬਾਅਦ ਰਾਕੇਟ ਬੇਕਾਬੂ ਹੋ ਗਿਆ ਤੇ ਧਰਤੀ ਦੇ ਵਾਤਾਵਰਨ ਵਿਚ ਦਾਖ਼ਲ ਹੁੰਦੇ ਹੀ ਤਬਾਹ ਹੋ ਗਿਆ। ਉਂਝ ਇਹ ਲਗਾਤਾਰ ਤੀਜੀ ਵਾਰ ਹੈ ਜਦੋਂਕਿ SpaceX ਦੇ ਰਾਕੇਟ ‘ਸਟਾਰਸ਼ਿਪ’ ਨੂੰ ਲਾਂਚ ਕਰਨ ਦੀ ਕੋਸ਼ਿਸ਼ ਅਸਫ਼ਲ ਰਹੀ ਹੈ। ਇਕ ਅੰਦਾਜ਼ੇ ਮੁਤਾਬਕ ਇਸ ਅਜ਼ਮਾਇਸ਼ ’ਤੇ ਕਰੀਬ 8.3 ਲੱਖ ਕਰੋੜ (10 ਬਿਲੀਅਨ ਡਾਲਰ) ਰੁਪਏ ਦਾ ਖਰਚਾ ਆਇਆ ਹੈ।ਅਮਰੀਕਾ ਦੀ ਨਿੱਜੀ ਐਰੋਸਪੇਸ ਤੇ ਪੁਲਾੜ ਆਵਾਜਾਈ ਸੇਵਾ ਕੰਪਨੀ ‘SpaceX’ ਨੇ ਸਟਾਰਸ਼ਿਪ ਨੂੰ ਮੁੜ ਤੋਂ ਲਾਂਚ ਕੀਤਾ ਸੀ, ਪਰ ਰਾਕੇਟ ਕੰਟਰੋਲ ਤੋਂ ਬਾਹਰ ਹੋ ਗਿਆ ਤੇ ਟੁੱਟ ਕੇ ਆਪਣੇ ਟੀਚੇ ਤੋਂ ਖੁੰਝ ਗਿਆ। ਟੈਕਸਾਸ ਦੇ ਦੱਖਣੀ ਸਿਰੇ ’ਤੇ ‘Spacex’ ਦੀ ਲਾਂਚ ਸਾਈਟ ‘ਸਟਾਰਬੇਸ’ ਤੋਂ 123 ਮੀਟਰ ਲੰਮੇ ਰਾਕੇਟ ਨੇ ਆਪਣੀ ਨੌਵੀਂ ‘ਅਜ਼ਮਾਇਸ਼ੀ’ ਉਡਾਨ ਭਰੀ। ਇਸ ਅਜ਼ਮਾਇਸ਼ ਮਗਰੋਂ ਕਈ ਨਕਲੀ ਉਪਗ੍ਰਹਿਆਂ ਨੂੰ ਛੱਡਣ ਦੀ ਉਮੀਦ ਕੀਤੀ ਗਈ ਸੀ, ਪਰ ਪੁਲਾੜ ਵਾਹਨ ਦਾ ਦਰਵਾਜ਼ਾ ਪੂਰੀ ਤਰ੍ਹਾਂ ਨਾਲ ਨਹੀਂ ਖੁੱਲ੍ਹਿਆ ਤੇ ਪ੍ਰੀਖਣ ਅਸਫ਼ਲ ਹੋ ਗਿਆ। ਇਸ ਮਗਰੋਂ ਰਾਕੇਟ ਪੁਲਾੜ ਵਿਚ ਘੁੰਮਦੇ ਹੋਏ ਬੇਕਾਬੂ ਹੋ ਕੇ ਹਿੰਦ ਮਹਾਸਾਗਰ ਵਿਚ ਡਿੱਗ ਕੇ ਤਬਾਹ ਹੋ ਗਿਆ।

You must be logged in to post a comment Login