ਅਹਿਮਦਾਬਾਦ : ਗੁਜਰਾਤ ਦੇ ਅਹਿਮਦਾਬਾਦ ਵਿੱਚ ਏਅਰ ਇੰਡੀਆ ਦਾ ਏ-171 ਜਹਾਜ਼ ਉਡਾਣ ਦੌਰਾਨ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਿਆ। ਕਰੈਸ਼ ਹੋਏ ਜਹਾਜ਼ ਵਿੱਚ ਪਾਇਲਟ ਅਤੇ ਕੈਬਿਨ ਕਰੂ ਸਮੇਤ ਕੁੱਲ 242 ਲੋਕ ਸਵਾਰ ਸਨ। ਦੱਸ ਦੇਈਏ ਕਿ ਏਅਰ ਇੰਡੀਆ ਦਾ ਜਹਾਜ਼ ਜਿਹੜੇ ਹਵਾਈ ਅੱਡੇ ਦੇ ਨੇੜੇ ਡਿੱਗਿਆ, ਉੱਥੇ ਡਾਕਟਰਾਂ ਦਾ ਹੋਸਟਲ ਸੀ। ਰਨਵੇਅ ਤੋਂ ਉਡਾਣ ਭਰਨ ਤੋਂ ਬਾਅਦ ਇਹ ਜਹਾਜ਼ ਹਵਾਈ ਅੱਡੇ ਦੇ ਨੇੜੇ ਬੀਜੇ ਮੈਡੀਕਲ ਕਾਲਜ ਦੇ ਰੈਜ਼ੀਡੈਂਟ ਡਾਕਟਰ ਹੋਸਟਲ ਨਾਲ ਟਕਰਾ ਗਿਆ।
ਜਿਵੇਂ ਹੀ ਜਹਾਜ਼ ਇਮਾਰਤ ‘ਤੇ ਡਿੱਗਿਆ, ਇੱਕ ਜ਼ੋਰਦਾਰ ਧਮਾਕਾ ਹੋਇਆ ਅਤੇ ਅੱਗ ਲੱਗ ਗਈ। ਇਸ ਤੋਂ ਬਾਅਦ ਹਰ ਪਾਸੇ ਧੂੰਏਂ ਦੇ ਬੱਦਲ ਦਿਖਾਈ ਦੇਣ ਲੱਗੇ। ਦੱਸਿਆ ਜਾ ਰਿਹਾ ਹੈ ਕਿ ਇਸ ਹੋਸਟਲ ਵਿੱਚ ਬਹੁਤ ਸਾਰੇ ਵਿਦਿਆਰਥੀ ਮੌਜੂਦ ਸਨ। ਉਸ ਸਮੇਂ ਇਮਾਰਤ ਵਿੱਚ ਮੌਜੂਦ ਕਈ ਲੋਕ ਜ਼ਖਮੀ ਹੋ ਗਏ। ਘਟਨਾ ਤੋਂ ਬਾਅਦ ਇਲਾਕੇ ਵਿਚ ਹਫ਼ੜਾ-ਦਫ਼ੜੀ ਮਚ ਗਈ। ਹਾਦਸੇ ਦੀਆਂ ਸਾਹਮਣੇ ਆਈਆਂ ਤਸਵੀਰਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਜਹਾਜ਼ ਦੀ ਪੂਛ ਮੈਡੀਕਲ ਕਾਲਜ ਦੇ ਰੈਜ਼ੀਡੈਂਟ ਡਾਕਟਰਾਂ ਦੇ ਹੋਸਟਲ ਦੇ ਉੱਪਰ ਫਸੀ ਹੋਈ ਹੈ। ਉਸ ਸਮੇਂ ਉਕਤ ਥਾਂ ‘ਤੇ ਮੌਜੂਦ ਡਾਕਟਰ ਖਾਣਾ ਖਾ ਰਹੇ ਸਨ।
ਇਸ ਹਾਦਸੇ ਦੀਆਂ ਤਸਵੀਰਾਂ ਵਿਚ ਟੇਬਲ ‘ਤੇ ਪਈਆਂ ਰੋਟੀ ਦੀਆਂ ਪਲੇਟਾਂ ਦਿਖਾਈ ਦੇ ਰਹੀਆਂ ਹਨ। ਇਹ ਏਅਰ ਇੰਡੀਆ ਦਾ ਜਹਾਜ਼ ‘ਬੋਇੰਗ 787-8 ਡ੍ਰੀਮਲਾਈਨਰ’ ਹੈ, ਜੋ ਕਿ ਲਗਭਗ 11 ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਜਹਾਜ਼ ਦਾ ਪਿਛਲਾ ਹਿੱਸਾ ਯਾਨੀ ਟੇਲ ਡਾਕਟਰਾਂ ਦੀ ਹੋਸਟਲ ਵਾਲੀ ਇਮਾਰਤ ‘ਤੇ ਡਿੱਗਣ ਕਾਰਨ 20 ਇੰਟਰਨਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ।
ਜਹਾਜ਼ ਹਾਦਸੇ ਵਾਲੀ ਥਾਂ ‘ਤੇ ਮੌਜੂਦ ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਬਚਾਅ ਕਾਰਜ ਅਜੇ ਵੀ ਜਾਰੀ ਹੈ। ਕਈ ਏਜੰਸੀਆਂ ਬਚਾਅ ਕਾਰਜ ਵਿੱਚ ਲੱਗੀਆਂ ਹੋਈਆਂ ਹਨ। ਗ੍ਰੀਨ ਕੋਰੀਡੋਰ ਬਣਾ ਕੇ ਜ਼ਖ਼ਮੀਆਂ ਨੂੰ ਜਲਦੀ ਤੋਂ ਜਲਦੀ ਹਸਪਤਾਲ ਲਿਜਾਇਆ ਜਾ ਰਿਹਾ ਹੈ। ਹਾਲਾਂਕਿ, ਉਨ੍ਹਾਂ ਨੇ ਇਸ ਜਹਾਜ਼ ਹਾਦਸੇ ਵਿੱਚ ਹੁਣ ਤੱਕ ਕਿੰਨੇ ਲੋਕਾਂ ਦੀ ਮੌਤ ਹੋਈ ਹੈ, ਇਸ ਬਾਰੇ ਜਾਣਕਾਰੀ ਨਹੀਂ ਦਿੱਤੀ। ਇਸ ਹਾਦਸੇ ਵਿੱਚ ਹੋਏ ਜਾਨੀ ਅਤੇ ਮਾਲੀ ਨੁਕਸਾਨ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ।
ਪਤਾ ਲੱਗਾ ਹੈ ਕਿ ਇਸ ਜਹਾਜ਼ ਵਿੱਚ 169 ਭਾਰਤੀ ਸਵਾਰ ਸਨ। ਬਾਕੀ ਵਿਦੇਸ਼ੀ ਨਾਗਰਿਕ ਸਨ। ਕਰੈਸ਼ ਹੋਏ ਜਹਾਜ਼ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਵੀ ਸਵਾਰ ਸਨ। ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਘਟਨਾ ਦੀ ਜਾਣਕਾਰੀ ਲਈ ਹੈ। ਸੂਤਰਾਂ ਅਨੁਸਾਰ, ਦੋਵੇਂ ਅਹਿਮਦਾਬਾਦ ਲਈ ਰਵਾਨਾ ਹੋ ਗਏ ਹਨ।
You must be logged in to post a comment Login