ਏਅਰ ਇੰਡੀਆ ਵੱਲੋਂ ਜਹਾਜ਼ ਵਿਚ ਸਵਾਰ 241 ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ

ਏਅਰ ਇੰਡੀਆ ਵੱਲੋਂ ਜਹਾਜ਼ ਵਿਚ ਸਵਾਰ 241 ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ

ਅਹਿਮਦਾਬਾਦ, 13 ਜੂਨ : ਏਅਰ ਇੰਡੀਆ ਨੇ ਅਹਿਮਦਾਬਾਦ ਤੋਂ ਲੰਡਨ ਜਾ ਰਹੀ ਉਡਾਣ ਵਿਚ ਸਵਾਰ 241 ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਏਅਰ ਇੰਡੀਆ ਦਾ ਜਹਾਜ਼ ਵੀਰਵਾਰ ਨੂੰ ਉਡਾਣ ਭਰਨ ਤੋਂ ਕੁਝ ਮਿੰਟਾਂ ਅੰਦਰ ਕਰੈਸ਼ ਹੋ ਗਿਆ ਸੀ। ਬੋਇੰਗ 787-8 ਜਹਾਜ਼ ਵਿਚ ਕੁੱਲ 242 ਯਾਤਰੀ ਤੇ ਅਮਲੇ ਦੇ ਮੈਂਬਰ ਸਵਾਰ ਸੀ। ਯਾਤਰੀਆਂ ਵਿਚ 169 ਭਾਰਤੀ ਨਾਗਰਿਕ, 53 ਬ੍ਰਿਟਿਸ਼ ਨਾਗਰਿਕ, ਸੱਤ ਪੁਰਤਗਾਲੀ ਤੇ ਇਕ ਕੈਨੇਡੀਅਨ ਨਾਗਰਿਕ ਸ਼ਾਮਲ ਸੀ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਹਿਮਦਾਬਾਦ ਪਹੁੰਚ ਗਏ ਹਨ। ਸ੍ਰੀ ਮੋਦੀ ਹਵਾਈ ਅੱਡੇ ਤੋਂ ਸਿੱਧਾ ਕਰੈਸ਼ ਵਾਲੀ ਸਾਈਟ ਗਏ। ਪ੍ਰਧਾਨ ਮਗਰੋਂ ਸਥਾਨਕ ਸਿਵਲ ਹਸਪਤਾਲ ਗਏ, ਜਿੱਥੇ ਉਨ੍ਹਾਂ ਹਾਦਸੇ ਦੇ ਜ਼ਖ਼ਮੀਆਂ ਦੀ ਖ਼ਬਰਸਾਰ ਲਈ। ਉਹ ਜਹਾਜ਼ ਹਾਦਸੇ ਵਿਚ ਬਚਣ ਵਾਲੇ ਇਕੋ ਇਕ ਯਾਤਰੀ ਰਮੇਸ਼ ਵਿਸ਼ਵਾਸ ਕੁਮਾਰ ਨੂੰ ਵੀ ਮਿਲੇ। ਸ੍ਰੀ ਮੋਦੀ ਹਸਪਤਾਲ ਦੇ ਸੀ7 ਵਾਰਡ ਵਿਚ ਗਏ, ਜਿੱਥੇ ਹਾਦਸੇ ਦੇ 25 ਜ਼ਖ਼ਮੀ ਜ਼ੇਰੇ ਇਲਾਜ ਹਨ। ਉਨ੍ਹਾਂ ਹਸਪਤਾਲ ਦੇ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ। ਏਅਰਲਾਈਨ ਨੇ ਵੀਰਵਾਰ ਦੇਰ ਰਾਤ ਜਾਰੀ ਇਕ ਬਿਆਨ ਵਿਚ ਕਿਹਾ, ‘‘ਸਾਨੂੰ ਇਹ ਦੱਸਦੇ ਹੋਏ ਦੁੱਖ ਹੋ ਰਿਹਾ ਹੈ ਕਿ ਜਹਾਜ਼ ਵਿੱਚ ਸਵਾਰ 242 ਯਾਤਰੀਆਂ ਵਿੱਚੋਂ 241 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ।’’ ਬਿਆਨ ਵਿਚ ਕਿਹਾ ਕਿ ਭਾਰਤੀ ਮੂਲ ਦਾ ਬ੍ਰਿਟਿਸ਼ ਨਾਗਰਿਕ ਰਮੇਸ਼ ਵਿਸ਼ਵਾਸ ਕੁਮਾਰ ਹਾਦਸੇ ਵਿਚ ਬਚਣ ਵਾਲਾ ਇਕੋ ਇਕ ਵਿਅਕਤੀ ਹੈ, ਜੋ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਏਅਰ ਇੰਡੀਆ ਨੇ ਬਿਆਨ ਵਿਚ 12 ਸਾਲ ਪੁਰਾਣਾ ਬੋਇੰਗ 787-8 ਜਹਾਜ਼ ਬਾਅਦ ਦੁਪਹਿਰ 1:38 ਵਜੇ ਅਹਿਮਦਾਬਾਦ ਤੋਂ ਰਵਾਨਾ ਹੋਇਆ ਸੀ ਤੇ ਇਸ ਉੱਤੇ 230 ਯਾਤਰੀ ਤੇ ਅਮਲੇ ਦੇ 12 ਮੈਂਬਰ ਸਵਾਰ ਸਨ।

You must be logged in to post a comment Login