ਜੀ7 ਸੰਮੇਲਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਲਗਰੀ ਪੁੱਜੇ

ਜੀ7 ਸੰਮੇਲਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਲਗਰੀ ਪੁੱਜੇ

ਵੈਨਕੂਵਰ, 17 ਜੂਨ : ਅਲਬਰਟਾ ਨੇੜਲੇ ਸ਼ਹਿਰ ਕਨਾਨਸਕੀ ਵਿੱਚ ਚੱਲ ਰਹੇ ਤਿੰਨ ਦਿਨਾ ਜੀ 7 ਸੰਮੇਲਨ ਵਿੱਚ ਸ਼ਮੂਲੀਅਤ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਲਗਰੀ ਪਹੁੰਚ ਗਏ ਹਨ। ਹਵਾਈ ਅੱਡੇ ’ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਕੈਲਗਰੀ ਦੇ ਸੂਤਰਾਂ ਅਨੁਸਾਰ ਖ਼ਬਰ ਲਿਖੇ ਜਾਣ ਤੱਕ ਭਾਰਤੀ ਪ੍ਰਧਾਨ ਮੰਤਰੀ ਦਾ ਕਾਫ਼ਲਾ ਹਵਾਈ ਅੱਡੇ ਤੋਂ ਰਵਾਨਾ ਨਹੀਂ ਹੋਇਆ ਸੀ। ਸ੍ਰੀ ਮੋਦੀ ਦੇ ਅਗਲੇ ਪ੍ਰੋਗਰਾਮ ਬਾਰੇ ਸਰਕਾਰੀ ਤੌਰ ’ਤੇ ਭਿਣਕ ਨਹੀਂ ਕੱਢੀ ਜਾ ਰਹੀ ਹੈ। ਸ੍ਰੀ ਮੋਦੀ ਕੈਲਗਰੀ ਤੋਂ ਸੜਕ ਰਸਤੇ ਕਨਾਨਸਕੀ ਪਹੁੰਚਣਗੇ ਤੇ ਮੰਗਲਵਾਰ ਤੇ ਬੁੱਧਵਾਰ ਨੂੰ G7 ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ। ਭਾਰਤ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਦਾ ਇਹ ਦੂਜਾ ਕੈਨੇਡਿਆਈ ਦੌਰਾ ਹੈ। ਇਸ ਤੋਂ ਪਹਿਲਾਂ ਉਹ ਯੋਗਾ ਕੈਂਪਾਂ ਦੀ ਸ਼ੁਰੂਆਤ ਲਈ 10 ਸਾਲ ਪਹਿਲਾਂ ਕੈਨੇਡਾ ਆਏ ਸਨ। ਕੈਨੇਡਿਆਈ ਮੀਡੀਆ ਵਲੋਂ ਅੱਜ ਸਾਰਾ ਦਿਨ ਨਰਿੰਦਰ ਮੋਦੀ ਦੀ ਆਮਦ ਬਾਰੇ ਚੁੱਪ ਵੱਟੀ ਗਈ। ਕੈਨੇਡਾ ਸਰਕਾਰ ਵਲੋਂ ਵੀ ਉਨ੍ਹਾਂ ਦੀ ਆਮਦ ਬਾਰੇ ਕੁਝ ਨਹੀਂ ਸੀ ਦੱਸਿਆ ਗਿਆ। ਕਾਬਿਲੇਗੌਰ ਹੈ ਕਿ ਕੈਨੇਡਾ ਤੇ ਅਮਰੀਕਾ ਵੱਸਦੇ ਭਾਰਤੀ ਮੂਲ ਦੇ ਕੁਝ ਗਰਮਖਿਆਲੀਆਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੈਨੇਡਾ ਦੌਰੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਨ੍ਹਾਂ ਗਰਮਖਿਆਲੀਆਂ ਵੱਲੋਂ ਅੱਜ ਦਿਨ ਵੇਲੇ ਸੰਮੇਲਨ ਨੂੰ ਜਾਂਦੀ ਸੜਕ ’ਤੇ ਰੋਸ ਵਿਖਾਵਾ ਕੀਤੇ ਜਾਣ ਕਾਰਨ ਪ੍ਰਧਾਨ ਮੰਤਰੀ ਮੋਦੀ ਨੇ ਰਾਤ ਨੂੰ ਪਹੁੰਚਣਾ ਠੀਕ ਸਮਝਿਆ ਹੋ ਸਕਦਾ ਹੈ।

You must be logged in to post a comment Login