ਤਹਿਰਾਨ ਵੱਲੋਂ ਪਰਮਾਣੂ ਵਾਰਤਾ ਤੋਂ ਇਨਕਾਰ

ਤਹਿਰਾਨ ਵੱਲੋਂ ਪਰਮਾਣੂ ਵਾਰਤਾ ਤੋਂ ਇਨਕਾਰ

ਵਾਸ਼ਿੰਗਟਨ, 21 ਜੂਨ : ਇਰਾਨ ਵੱਲੋਂ ਇਕ ਦਿਨ ਪਹਿਲਾਂ ਕਿਸੇ ਹਮਲੇ ਜਾਂ ਧਮਕੀ ਦੇ ਡਰ ਤਹਿਤ ਪਰਮਾਣੂ ਗੱਲਬਾਤ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤੇ ਜਾਣ ਪਿੱਛੋਂ ਸ਼ਨਿੱਚਰਵਾਰ ਨੂੰ ਇਰਾਨ ਅਤੇ ਇਜ਼ਰਾਈਲ ਨੇ ਇਕ-ਦੂਜੇ ਦੇ ਟਿਕਾਣਿਆਂ ਉਤੇ ਤਾਜ਼ਾ ਹਮਲੇ ਕੀਤੇ ਹਨ, ਜਦੋਂਕਿ ਦੂਜੇ ਪਾਸੇ ਯੂਰਪ ਵੱਲੋਂ ਅਮਨ ਵਾਰਤਾ ਨੂੰ ਟੁੱਟਣ ਤੋਂ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਜ਼ਰਾਈਲ ਵਿੱਚ ਤੜਕੇ 2:30 ਵਜੇ (ਸ਼ੁੱਕਰਵਾਰ ਨੂੰ 2330 GMT) ਤੋਂ ਥੋੜ੍ਹੀ ਦੇਰ ਬਾਅਦ ਇਜ਼ਰਾਈਲੀ ਫੌਜ ਵੱਲੋਂ ਇਰਾਨ ਦੇ ਮਿਜ਼ਾਈਲ ਹਮਲੇ ਦੀ ਚੇਤਾਵਨੀ ਜਾਰੀ ਕੀਤੀ ਗਈ। ਇਸ ਦੇ ਨਾਲ ਹੀ ਤਲ ਅਵੀਵ ਸਮੇਤ ਕੇਂਦਰੀ ਇਜ਼ਰਾਈਲ ਦੇ ਕੁਝ ਹਿੱਸਿਆਂ ਵਿੱਚ ਹਵਾਈ ਹਮਲੇ ਦੇ ਸਾਇਰਨ ਵੱਜੇ। ਇਸ ਦੇ ਨਾਲ ਹੀ ਇਜ਼ਰਾਈਲ ਦੇ ਕਬਜ਼ੇ ਵਾਲੇ ਪੱਛਮੀ ਕੰਢੇ ਵਿੱਚ ਵੀ ਅਜਿਹੇ ਹੀ ਹਾਲਾਤ ਦੇਖਣ ਨੂੰ ਮਿਲੇ। ਇਸ ਦੇ ਜਵਾਬ ਵਿਚ ਤਲ ਅਵੀਵ ਦੇ ਅਸਮਾਨ ਵਿੱਚ ਇਜ਼ਰਾਈਲ ਦੀ ਹਵਾਈ ਰੱਖਿਆ ਪ੍ਰਣਾਲੀ ਵੱਲੋਂ ਇਰਾਨੀ ਮਿਜ਼ਾਈਲਾਂ ਨੂੰ ਫੁੰਡਣ ਲਈ ਮਿਜ਼ਾਈਲਾਂ ਦਾਗੀਆਂ ਦਿਖਾਈ ਦੇ ਰਹੀਆਂ ਸਨ। ਇਸ ਕਾਰਨ ਤਲ ਅਵੀਵ ਮਹਾਂਨਗਰੀ ਖੇਤਰ ਵਿੱਚ ਧਮਾਕੇ ਗੂੰਜ ਰਹੇ ਸਨ। ਦੂਜੇ ਪਾਸੇ ਇਜ਼ਰਾਈਲ ਨੇ ਵੀ ਇਰਾਨ ਵਿੱਚ ਮਿਜ਼ਾਈਲ ਸਟੋਰੇਜ ਅਤੇ ਲਾਂਚਿੰਗ ਬੁਨਿਆਦੀ ਢਾਂਚੇ ਦੇ ਸਥਾਨਾਂ ‘ਤੇ ਨਵੇਂ ਸਿਰਿਉਂ ਹਮਲੇ ਕੀਤੇ ਹਨ। ਇਜ਼ਰਾਈਲ ਦੀ ਕੌਮੀ ਐਮਰਜੈਂਸੀ ਸੇਵਾ ‘ਮੈਗੇਨ ਡੇਵਿਡ ਐਡੋਮ’ (Magen David Adom) ਨੇ ਕਿਹਾ ਕਿ ਦੱਖਣੀ ਇਜ਼ਰਾਈਲ ਵਿੱਚ ਵੀ ਸਾਇਰਨ ਵੱਜੇ।

You must be logged in to post a comment Login