ਪਾਕਿਸਤਾਨ ਨੇ ਟਰੰਪ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ

ਪਾਕਿਸਤਾਨ ਨੇ ਟਰੰਪ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ

ਇਸਲਾਮਾਬਾਦ, 21 ਜੂਨ : ਪਾਕਿਸਤਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਹਾਲ ਹੀ ‘ਚ ਆਏ ਭਾਰਤ-ਪਾਕਿਸਤਾਨ ਸੰਕਟ ਦੌਰਾਨ ਉਨ੍ਹਾਂ ਦੇ ਫ਼ੈਸਲਾਕੁਨ ਸਫ਼ਾਰਤੀ ਦਖ਼ਲ ਅਤੇ ਮੁੱਖ ਅਗਵਾਈ ਦੇ ਸਨਮਾਨ ਵਜੋਂ 2026 ਦਾ ਨੋਬੇਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਟਰੰਪ ਨੇ ਵਾਰ ਵਾਰ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਭਾਰਤ-ਪਾਕਿ ਟਕਰਾਅ ਨੂੰ ਘੱਟ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਹਾਲਾਂਕਿ ਭਾਰਤੀ ਆਗੂਆਂ ਤੇ ਅਧਿਕਾਰੀਆਂ ਨੇ ਇਸ ਦਾਅਵੇ ਨੂੰ ਖ਼ਾਰਜ ਕੀਤਾ ਹੈ। ਇਹ ਨਾਮਜ਼ਦਗੀ ਉਦੋਂ  ਸਾਹਮਣੇ ਆਈ ਹੈ ਜਦੋਂ ਸ਼ੁੱਕਰਵਾਰ ਨੂੰ ਟਰੰਪ ਨੂੰ ਨੋਬੇਲ ਇਨਾਮਾਂ ਬਾਰੇ ਪੁੱਛਿਆ ਗਿਆ ਅਤੇ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ (ਟਰੰਪ) ਨੂੰ ਕਈ ਕਾਰਨਾਂ ਕਰਕੇ ਇਹ ਪੁਰਸਕਾਰ ਮਿਲਣਾ ਚਾਹੀਦਾ ਹੈ, ਜਿਸ ਵਿੱਚ ਭਾਰਤ ਅਤੇ ਪਾਕਿਸਤਾਨ ਸਬੰਧੀ ਉਨ੍ਹਾਂ ਦਾ ਕੰਮ ਅਤੇ ਇੱਕ ਸੰਧੀ ਦਾ ਰਾਹ ਪੱਧਰਾ ਕਰਾਉਣਾ ਸ਼ਾਮਲ ਹੈ। ਸੰਧੀ ਬਾਰੇ ਉਨ੍ਹਾਂ ਨੇ ਕਿਹਾ ਸੀ ਕਿ ਸੋਮਵਾਰ ਨੂੰ ਦੋ ਅਫ਼ਰੀਕੀ ਮੁਲਕਾਂ – ਡੈਮੋਕ੍ਰੇਟਿਕ ਰਿਪਬਲਿਕ ਆਫ਼ ਕਾਂਗੋ ਅਤੇ ਰਵਾਂਡਾ ਵਿਚਕਾਰ ਦੁਸ਼ਮਣੀ ਖਤਮ ਕਰਨ ਲਈ ਇਸ ਇਕਰਾਰਨਾਮੇ ਉਤੇ ਦਸਤਖ਼ਤ ਕੀਤੇ ਜਾਣਗੇ।

You must be logged in to post a comment Login