ਇਰਾਨ-ਇਜ਼ਰਾਈਲ ਜੰਗ: ਭਾਰਤ ਨੇ ਰੂਸ ਤੇ ਅਮਰੀਕਾ ਤੋਂ ਕੱਚੇ ਤੇਲ ਦੀ ਦਰਾਮਦ ਵਧਾਈ

ਇਰਾਨ-ਇਜ਼ਰਾਈਲ ਜੰਗ: ਭਾਰਤ ਨੇ ਰੂਸ ਤੇ ਅਮਰੀਕਾ ਤੋਂ ਕੱਚੇ ਤੇਲ ਦੀ ਦਰਾਮਦ ਵਧਾਈ

ਨਵੀਂ ਦਿੱਲੀ, 23 ਜੂਨ : ਇਜ਼ਰਾਈਲ ਵੱਲੋਂ ਇਰਾਨ ’ਤੇ ਹਮਲੇ ਮਗਰੋਂ ਬਾਜ਼ਾਰ ’ਚ ਆਏ ਉਤਰਾਅ-ਚੜ੍ਹਾਅ ਵਿਚਾਲੇ ਭਾਰਤ ਨੇ ਜੂਨ ਮਹੀਨੇ ਵਿੱਚ ਰੂਸ ਤੇ ਅਮਰੀਕਾ ਤੋਂ ਕੱਚੇ ਤੇਲ ਦੀ ਦਰਾਮਦ ਵਧਾ ਦਿੱਤੀ ਹੈ। ਭਾਰਤ ਦੀ ਜੂਨ ’ਚ ਰੂਸ ਤੋਂ ਕੀਤੀ ਗਈ ਖਰੀਦ ਪੱਛਮੀ ਏਸ਼ੀਆ ਦੇ ਸਪਲਾਈਕਾਰਾਂ ਸਾਊਦੀ ਅਰਬ ਤੇ ਇਰਾਕ ਤੋਂ ਕੀਤੀ ਦਰਾਮਦ ਮੁਕਾਬਲੇ ਵਧ ਰਹੀ ਹੈ। ਅਮਰੀਕੀ ਸੈਨਾ ਨੇ ਅੱਜ ਸਵੇਰੇ ਇਰਾਨ ’ਚ ਤਿੰਨ ਥਾਵਾਂ ’ਤੇ ਹਮਲਾ ਕੀਤਾ ਹੈ। ਉਹ ਇਸ ਜੰਗ ਵਿੱਚ ਸਿੱਧੇ ਇਜ਼ਰਾਈਲ ਨਾਲ ਸ਼ਾਮਲ ਹੋ ਗਿਆ ਹੈ। ਆਲਮੀ ਵਪਾਰ ਵਿਸ਼ਲੇਸ਼ਕ ਕੰਪਨੀ ਕਪਲੈਰ ਦੇ ਸ਼ੁਰੂਆਤੀ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਭਾਰਤੀ ਰਿਫਾਇਨਰੀ ਕੰਪਨੀਆਂ ਜੂਨ ’ਚ ਰੂਸ ਤੋਂ ਰੋਜ਼ਾਨਾ 20 ਤੋਂ 22 ਲੱਖ ਬੈਰਲ ਕੱਚਾ ਤੇਲ ਖਰੀਦ ਰਹੀਆਂ ਹਨ। ਇਹ ਦੋ ਸਾਲ ਦਾ ਸਭ ਤੋਂ ਉੱਚਾ ਅੰਕੜਾ ਹੈ। ਇਸ ਦੇ ਨਾਲ ਹੀ ਇਹ ਇਰਾਕ, ਸਾਊਦੀ ਅਰਬ, ਯੂਏਈ ਤੇ ਕੁਵੈਤ ਤੋਂ ਖਰੀਦੇ ਗਏ ਕੱਚੇ ਤੇਲ ਦੀ ਕੁੱਲ ਮਾਤਰਾ ਨਾਲੋਂ ਵੱਧ ਹੈ। ਮਈ ’ਚ ਰੂਸ ਤੋਂ ਭਾਰਤ ਦੀ ਤੇਲ ਦਰਾਮਦ 19.6 ਲੱਖ ਬੈਰਲ (ਬੀਪੀਡੀ) ਪ੍ਰਤੀ ਦਿਨ ਸੀ। ਜੂਨ ’ਚ ਅਮਰੀਕਾ ਤੋਂ ਵੀ ਕੱਚੇ ਤੇਲ ਦੀ ਦਰਾਮਦ ਵਧ ਕੇ 4,39,000 ਬੀਪੀਡੀ ਹੋ ਗਈ ਹੈ ਜੋ ਪਿਛਲੇ ਮਹੀਨੇ 2,80,000 ਬੀਪੀਡੀ ਸੀ।

You must be logged in to post a comment Login