ਇਜ਼ਰਾਈਲ ਤੇ ਇਰਾਨ ਦਰਮਿਆਨ ‘ਜੰਗਬੰਦੀ’ ਹੁਣ ਅਮਲ ਵਿਚ ਆਈ: ਟਰੰਪ

ਇਜ਼ਰਾਈਲ ਤੇ ਇਰਾਨ ਦਰਮਿਆਨ ‘ਜੰਗਬੰਦੀ’ ਹੁਣ ਅਮਲ ਵਿਚ ਆਈ: ਟਰੰਪ

ਦੁਬਈ, 24 ਜੂਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਇਜ਼ਰਾਈਲ ਅਤੇ ਇਰਾਨ ਦਰਮਿਆਨ ਜੰਗਬੰਦੀ ਹੁਣ ਅਮਲ ਵਿਚ ਆ ਗਈ ਹੈ। ਉਨ੍ਹਾਂ ਦੋਵਾਂ ਮੁਲਕਾਂ ਨੂੰ ਅਪੀਲ ਕੀਤੀ ਕਿ ਉਹ ਜੰਗਬੰਦੀ ਦੀ ਉਲੰਘਣਾ ਨਾ ਕਰਨ। ਟਰੰਪ ਨੇ ਸੋਸ਼ਲ ਟਰੁਥ ’ਤੇ ਇਕ ਪੋਸਟ ਵਿਚ ਕਿਹਾ, ‘‘Ceasefire ਹੁਣ ਲਾਗੂ ਹੈ। ਕਿਰਪਾ ਕਰਕੇ ਇਸ ਦੀ ਉਲੰਘਣਾ ਨਾ ਕਰੋ!।’’ ਅਮਰੀਕੀ ਸਦਰ ਨੇ ਦੋਵਾਂ ਮੁਲਕਾਂ ਦਰਮਿਆਨ ਪਿਛਲੇ 12 ਦਿਨਾਂ ਤੋਂ ਜਾਰੀ ਜੰਗ ਖ਼ਤਮ ਕਰਨ ਲਈ ਸੋਮਵਾਰ ਰਾਤੀਂ ਮੁਕੰਮਲ ਜੰਗਬੰਦੀ ਦਾ ਸੱਦਾ ਦਿੰਦਿਆਂ ਇਜ਼ਰਾਈਲ ਤੇ ਇਰਾਨ ਨੂੰ ਅੱਧੀ ਰਾਤ (Eastern Time) ਤੱਕ ਦਾ ਸਮਾਂ ਦਿੱਤਾ ਸੀ। ਟਰੰਪ ਨੇ ਸੋਮਵਾਰ ਰਾਤੀਂ ਜਦੋਂ ਮੁਕੰਮਲ ਜੰਗਬੰਦੀ ਦਾ ਐਲਾਨ ਕੀਤਾ ਤਾਂ ਉਨ੍ਹਾਂ ਇਸ਼ਾਰਾ ਕੀਤਾ ਸੀ ਕਿ ਇਜ਼ਰਾਈਲ ਤੇ ਇਰਾਨ ਕੋਲ ਆਪਣੇ ਮਿਸ਼ਨਾਂ ਨੂੰ ਪੂਰਾ ਕਰਨ ਲਈ ਸਮਾਂ ਹੋਵੇਗਾ, ਜਿਸ ਮਗਰੋਂ ਪੜਾਅਵਾਰ ਤਰੀਕੇ ਨਾਲ ਜੰਗਬੰਦੀ ਦਾ ਅਮਲ ਸ਼ੁਰੂ ਹੋ ਜਾਵੇਗਾ। ਉਧਰ ਚਸ਼ਮਦੀਦਾਂ ਨੇ ਕਿਹਾ ਕਿ ਉਨ੍ਹਾਂ ਨੇ ਟਰੰਪ ਦੇ ਬਿਆਨ ਤੋਂ ਪਹਿਲਾਂ ਦੱਖਣੀ ਇਜ਼ਰਾਈਲ ਵਿੱਚ ਤਲ ਅਵੀਵ ਅਤੇ ਬੀਰਸ਼ੇਬਾ ਨੇੜੇ ਧਮਾਕੇ ਸੁਣੇ। ਇਜ਼ਰਾਈਲ ਦੀ ਫੌਜ ਨੇ ਕਿਹਾ ਕਿ ਇਰਾਨ ਵੱਲੋਂ ਛੇ ਮਿਜ਼ਾਈਲਾਂ ਦਾਗੀਆਂ ਗਈਆਂ ਸਨ ਅਤੇ ਇਜ਼ਰਾਈਲ ਦੀ ਰਾਸ਼ਟਰੀ ਐਂਬੂਲੈਂਸ ਸੇਵਾ ਨੇ ਕਿਹਾ ਕਿ ਬੀਰਸ਼ੇਬਾ ਵਿੱਚ ਚਾਰ ਲੋਕ ਮਾਰੇ ਗਏ। ਟਰੰਪ ਵੱਲੋਂ ਜੰਗਬੰਦੀ ਦਾ ਐਲਾਨ ਕਰਨ ਤੋਂ ਬਾਅਦ ਇਜ਼ਰਾਈਲ ਵਿੱਚ ਇਹ ਪਹਿਲੀਆਂ ਮੌਤਾਂ ਰਿਪੋਰਟ ਹੋਈਆਂ ਹਨ।

You must be logged in to post a comment Login