ਇਜ਼ਰਾਈਲ ਤੇ ਇਰਾਨ ਵੱਲੋਂ ਟਰੰਪ ਦੀ ਤਜਵੀਜ਼ਤ ‘ਜੰਗਬੰਦੀ’ ਯੋਜਨਾ ਸਵੀਕਾਰ

ਇਜ਼ਰਾਈਲ ਤੇ ਇਰਾਨ ਵੱਲੋਂ ਟਰੰਪ ਦੀ ਤਜਵੀਜ਼ਤ ‘ਜੰਗਬੰਦੀ’ ਯੋਜਨਾ ਸਵੀਕਾਰ

ਤਲ ਅਵੀਵ, 24 ਜੂਨ : ਇਜ਼ਰਾਈਲ ਅਤੇ ਇਰਾਨ ਨੇ ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਤਜਵੀਜ਼ਤ ਜੰਗਬੰਦੀ ਯੋਜਨਾ ਨੂੰ ਸਵੀਕਾਰ ਕਰ ਲਿਆ ਹੈ। ਤਹਿਰਾਨ ਵੱਲੋਂ ਅੱਜ ਸਵੇਰੇ ਇਜ਼ਰਾਈਲ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਵਾਈ ਹਮਲਿਆਂ, ਜਿਸ ਵਿਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਸੀ, ਮਗਰੋਂ ਦੋਵਾਂ ਧਿਰਾਂ ਨੇ ਸਮਝੌਤੇ ਨੂੰ ਸਵੀਕਾਰ ਕੀਤਾ ਹੈ। ਉਧਰ ਇਜ਼ਰਾਈਲ ਨੇ ਵੀ ਜਵਾਬੀ ਕਾਰਵਾਈ ’ਚ ਇਰਾਨ ਦੇ ਵੱਖ-ਵੱਖ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਨੇਤਨਯਾਹੂ ਨੇ ਚੇਤਾਵਨੀ ਦਿੱਤੀ ਕਿ ਇਜ਼ਰਾਈਲ ਜੰਗਬੰਦੀ ਦੀ ਕਿਸੇ ਵੀ ਉਲੰਘਣਾ ਦਾ ਸਖ਼ਤ ਜਵਾਬ ਦੇਵੇਗਾ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਤਾਲਮੇਲ ਨਾਲ ਇਰਾਨ ਨਾਲ ਦੁਵੱਲੀ ਜੰਗਬੰਦੀ ਲਈ ਸਹਿਮਤ ਹੋ ਗਿਆ ਹੈ। ਨੇਤਨਯਾਹੂ ਨੇ ਕਿਹਾ ਕਿ ਉਨ੍ਹਾਂ ਨੇ ਸੋਮਵਾਰ ਰਾਤ ਇਜ਼ਰਾਈਲ ਦੇ ਸੁਰੱਖਿਆ ਬਾਰੇ ਕੇਂਦਰੀ ਕਮੇਟੀ ਨੂੰ ਰਿਪੋਰਟ ਦਿੱਤੀ ਸੀ ਕਿ ਇਜ਼ਰਾਈਲ ਨੇ ਇਰਾਨ ਵਿਰੁੱਧ 12 ਦਿਨਾਂ ਦੀ ਕਾਰਵਾਈ ਦੌਰਾਨ ਆਪਣੇ ਸਾਰੇ ਜੰਗੀ ਟੀਚੇ ਹਾਸਲ ਕਰ ਲਏ ਹਨ, ਜਿਸ ਵਿੱਚ ਇਰਾਨ ਦੇ ਪ੍ਰਮਾਣੂ ਅਤੇ ਬੈਲਸਟਿਕ ਮਿਜ਼ਾਈਲ ਪ੍ਰੋਗਰਾਮਾਂ ਨੂੰ ਨਿਸ਼ਾਨਾ ਬਣਾਉਣਾ ਵੀ ਸ਼ਾਮਲ ਸੀ। ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਨੇ ਇਰਾਨ ਦੀ ਫੌਜੀ ਲੀਡਰਸ਼ਿਪ ਅਤੇ ਕਈ ਸਰਕਾਰੀ ਥਾਵਾਂ ਨੂੰ ਵੀ ਨੁਕਸਾਨ ਪਹੁੰਚਾਇਆ ਅਤੇ ਤਹਿਰਾਨ ਦੇ ਅਸਮਾਨ ’ਤੇ ਕੰਟਰੋਲ ਹਾਸਲ ਕਰ ਲਿਆ।

You must be logged in to post a comment Login