ਟਰੰਪ ਵੱਲੋਂ ਕੈਨੇਡਾ ਨਾਲ ਵਪਾਰਕ ਚਰਚਾਵਾਂ ਨੂੰ ਖ਼ਤਮ ਕਰਨ ਦਾ ਐਲਾਨ

ਟਰੰਪ ਵੱਲੋਂ ਕੈਨੇਡਾ ਨਾਲ ਵਪਾਰਕ ਚਰਚਾਵਾਂ ਨੂੰ ਖ਼ਤਮ ਕਰਨ ਦਾ ਐਲਾਨ

ਵਿਨੀਪੈੱਗ, 28 ਜੂਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਨਾਲ ਸਾਰੀਆਂ ਵਪਾਰਕ ਗੱਲਬਾਤ ਤੁਰੰਤ ਪ੍ਰਭਾਵ ਨਾਲ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਟਰੰਪ ਨੇ ਇਹ ਸਖ਼ਤ ਫ਼ੈਸਲਾ ਕੈਨੇਡਾ ਵੱਲੋਂ ਅਮਰੀਕੀ ਤਕਨੀਕੀ ਕੰਪਨੀਆਂ ’ਤੇ ਲਗਾਏ ਗਏ ਨਵੇਂ ਡਿਜੀਟਲ ਸੇਵਾਵਾਂ ਟੈਕਸ ਦੇ ਵਿਰੋਧ ਵਿੱਚ ਲਿਆ ਹੈ। ਟਰੰਪ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਅਗਲੇ ਸੱਤ ਦਿਨਾਂ ਵਿੱਚ ਅਸੀਂ ਕੈਨੇਡਾ ਨੂੰ ਦੱਸਾਂਗੇ ਕਿ ਉਨ੍ਹਾਂ ਨੂੰ ਅਮਰੀਕਾ ਨਾਲ ਵਪਾਰ ਕਰਨ ਲਈ ਕਿਹੜਾ ਟੈਕਸ ਦੇਣਾ ਪਵੇਗਾ। ਟਰੰਪ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਟਰੂਥ ਸੋਸ਼ਲ ’ਤੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, “ਕੈਨੇਡਾ ਵਪਾਰ ਕਰਨ ਲਈ ਬਹੁਤ ਮੁਸ਼ਕਲ ਦੇਸ਼ ਹੈ। ਸਾਲਾਂ ਤੋਂ, ਇਹ ਸਾਡੇ ਕਿਸਾਨਾਂ, ਡੇਅਰੀ ਉਤਪਾਦਾਂ ’ਤੇ 400% ਤੱਕ ਦੇ ਟੈਕਸ ਲਗਾ ਰਿਹਾ ਹੈ। ਹੁਣ ਕੈਨੇਡਾ ਆਪਣੇ ਡਿਜੀਟਲ ਸਰਵਿਸਿਜ਼ ਟੈਕਸ ਨੂੰ ਅੱਗੇ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ। ਇਹ ਟੈਕਸ ਅਮਰੀਕਾ ਦੀਆਂ ਵੱਡੀਆਂ ਇੰਟਰਨੈੱਟ ਕੰਪਨੀਆਂ ਤੋਂ ਉਨ੍ਹਾਂ ਦੀ ਕੈਨੇਡਾ ਵਿੱਚ ਹੋ ਰਹੀ ਕਮਾਈ ’ਤੇ ਲਾਗੂ ਕੀਤਾ ਜਾਵੇਗਾ।’’ ਉਨ੍ਹਾਂ ਦੋਸ਼ ਲਾਇਆ ਕਿ ਕੈਨੇਡਾ ਯੂਰਪੀਅਨ ਯੂਨੀਅਨ (ਈਯੂ) ਦੀ ਨਕਲ ਕਰ ਰਿਹਾ ਹੈ। ਅਮਰੀਕਾ ਇਸ ਗੱਲ ਤੋਂ ਤਲਖ਼ੀ ਵਿਚ ਹੈ ਕਿ ਕੈਨੇਡਾ ਉਨ੍ਹਾਂ ਦੀਆਂ ਵੱਡੀਆਂ ਟੈੱਕ ਕੰਪਨੀਆਂ (ਜਿਵੇਂ ਕਿ ਗੂਗਲ, ਐਮਾਜ਼ੋਨ ਆਦਿ) ਉੱਤੇ ਟੈਕਸ ਲਗਾਉਣਾ ਚਾਹੁੰਦਾ ਹੈ, ਜਿਸ ਤੋਂ ਭਾਵ ਹੈ ਕਿ ਤਕਨੀਕੀ ਕੰਪਨੀਆਂ ਨੂੰ 30 ਜੂਨ ਤੋਂ ਟੈਕਸ ਦਾ ਭੁਗਤਾਨ ਕਰਨਾ ਸ਼ੁਰੂ ਕਰਨਾ ਪਵੇਗਾ ਅਤੇ ਇਹ 2022 ’ਤੋਂ ਲਾਗੂ ਹੋਵੇਗਾ। ਇਸ ਨਾਲ ਅਮਰੀਕੀ ਕੰਪਨੀਆਂ ਕੋਲੋਂ ਮਹੀਨੇ ਦੇ ਅੰਤ ਤੱਕ 2 ਬਿਲੀਅਨ ਅਮਰੀਕੀ ਡਾਲਰ ਚਾਰਜ ਕੀਤੇ ਜਾ ਸਕਦੇ ਹਨ। ਹਾਲਾਂਕਿ ਟਰੰਪ ਦੇ ਬਿਆਨ ਤੋਂ ਬਾਅਦ ਕੈਨੇਡਾ ਤਰਫ਼ੋਂ ਹਾਲੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

You must be logged in to post a comment Login