ਸੱਤਿਆਪਾਲ ਮਲਿਕ ਦੇ ਦੇਹਾਂਤ ਦੀ ਖ਼ਬਰ ਫਰਜ਼ੀ, ਨਿੱਜੀ ਸਕੱਤਰ ਨੇ ਜਾਰੀ ਕੀਤਾ ਬਿਆਨ

ਸੱਤਿਆਪਾਲ ਮਲਿਕ ਦੇ ਦੇਹਾਂਤ ਦੀ ਖ਼ਬਰ ਫਰਜ਼ੀ, ਨਿੱਜੀ ਸਕੱਤਰ ਨੇ ਜਾਰੀ ਕੀਤਾ ਬਿਆਨ

ਚੰਡੀਗੜ੍ਹ, 10 ਜੁਲਾਈ: ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਬਾਰੇ ਸੋਸ਼ਲ ਮੀਡੀਆ ’ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ। ਇਸ ਤੋਂ ਇਲਾਵਾ ਫੇਸਬੁੱਕ ’ਤੇ ਵੀ ਕਈ ਲੋਕਾਂ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਹਾਲਾਂਕਿ, ਇਹ ਦਾਅਵੇ ਪੂਰੀ ਤਰ੍ਹਾਂ ਬੇਬੁਨਿਆਦ ਹਨ। ਇਹ ਜਾਣਕਾਰੀ ਸਾਬਕਾ ਰਾਜਪਾਲ ਦੇ ਨਿੱਜੀ ਸਕੱਤਰ ਕੰਵਰ ਸਿੰਘ ਰਾਣਾ ਨੇ ਦਿੱਤੀ ਹੈ। ਸੋਸ਼ਲ ਮੀਡੀਆ ਸਾਈਟ ਐਕਸ ’ਤੇ ਸਾਬਕਾ ਰਾਜਪਾਲ ਦੇ ਅਧਿਕਾਰਤ ਅਕਾਊਂਟ ਤੋਂ ਲਿਖਿਆ ਗਿਆ ਹੈ, ‘‘ਸਤਿਕਾਰਯੋਗ ਸਾਬਕਾ ਗਵਰਨਰ ਚੌਧਰੀ ਸਤਿਆਪਾਲ ਸਿੰਘ ਮਲਿਕ ਜੀ ਆਈਸੀਯੂ ਵਿੱਚ ਭਰਤੀ ਹਨ ਅਤੇ ਸੀਨੀਅਰ ਡਾਕਟਰਾਂ ਦੀ ਨਿਗਰਾਨੀ ਹੇਠ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਅਫਵਾਹਾਂ ਤੋਂ ਬਚੋ ਅਤੇ ਕੋਈ ਵੀ ਗਲਤ ਖ਼ਬਰ ਨਾ ਫੈਲਾਓ।’’ ਕੰਵਰ ਸਿੰਘ ਰਾਣਾ, ਨਿੱਜੀ ਸਕੱਤਰ ਸਾਬਕਾ ਰਾਜਪਾਲ ਸਤਿਆਪਾਲ ਮਲਿਕ। ਜ਼ਿਕਰਯੋਗ ਹੈ ਕਿ ਸਾਬਕਾ ਰਾਜਪਾਲ ਕੁਝ ਦਿਨਾਂ ਤੋਂ ਹਸਪਤਾਲ ਵਿੱਚ ਭਰਤੀ ਹਨ ਅਤੇ ਗੁਰਦਿਆਂ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਸੱਤਿਆਪਾਲ ਮਲਿਕ ਗੋਆ, ਬਿਹਾਰ, ਮੇਘਾਲਿਆ ਅਤੇ ਜੰਮੂ-ਕਸ਼ਮੀਰ ਦੇ ਰਾਜਪਾਲ ਰਹਿ ਚੁੱਕੇ ਹਨ। ਉਨ੍ਹਾਂ ਦੇ ਦੇਹਾਂਤ ਬਾਰੇ ਪੋਸਟਾਂ ਵੱਡੇ ਪੱਧਰ ’ਤੇ ਵਾਇਰਲ ਹੋ ਰਹੀਆਂ ਸਨ, ਜਿਸ ਕਾਰਨ ਉਨ੍ਹਾਂ ਦੇ ਨਿੱਜੀ ਸਕੱਤਰ ਨੂੰ ਬਿਆਨ ਜਾਰੀ ਕਰਨਾ ਪਿਆ। ਇਨ੍ਹਾਂ ਪੋਸਟਾਂ ਵਿਚ ਲੋਕਾਂ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਹਨ।

You must be logged in to post a comment Login